ਥੈਰੇਸਾ ਮੇਅ ਦੇ ਅਸਤੀਫੇ ਮਗਰੋਂ ਕੌਣ ਬਣੇਗਾ ਇੰਗਲੈਂਡ ਦਾ ਪ੍ਰਧਾਨ ਮੰਤਰੀ?

05/25/2019 1:35:20 PM

ਲੰਡਨ— ਬ੍ਰੈਗਜ਼ਿਟ ਮਾਮਲੇ 'ਚ ਅਸਫਲ ਰਹਿਣ ਦੇ ਬਾਅਦ ਚਾਰੋ ਪਾਸਿਓਂ ਦਬਾਅ ਦੇ ਵਿਚਕਾਰ ਯੂ. ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਉਹ 7 ਜੂਨ ਨੂੰ ਆਪਣੇ ਅਹੁਦਾ ਛੱਡ ਦੇਵੇਗੀ। ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਉਸ ਦੀ ਥਾਂ ਕੌਣ ਲੈ ਸਕਦਾ ਹੈ? ਯੂ. ਕੇ. ਮੀਡੀਆ ਮੁਤਾਬਕ ਇਸ ਰੇਸ 'ਚ ਸਭ ਤੋਂ ਅੱਗੇ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜਾਨਸਨ (54) ਹਨ। ਬ੍ਰੈਗਜ਼ਿਟ ਦੇ ਹਿਮਾਇਤੀ ਜਾਨਸਨ ਦੇਸ਼ ਦੀ ਅਗਵਾਈ ਕਰਨ ਲਈ ਮੁਹਿੰਮ ਚਲਾ ਰਹੇ ਹਨ ਅਤੇ ਬੀਤੇ ਹਫਤੇ ਉਨ੍ਹਾਂ ਨੂੰ ਜਨਤਕ ਰੂਪ ਨਾਲ ਆਪਣੀ ਇਸ ਇੱਛਾ ਦਾ ਐਲਾਨ ਵੀ ਕੀਤਾ। ਜਾਨਸਨ ਬ੍ਰੈਗਜ਼ਿਟ ਦੇ ਇੰਨੇ ਵੱਡੇ ਪੱਖਧਾਰੀ ਹਨ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ 'ਚ ਵੀ ਕੋਈ ਡਰ ਨਹੀਂ ਹੈ ਕਿ ਉਹ ਯੂਰਪੀ ਸੰਘ 'ਚੋਂ ਬਿਨਾਂ ਕਿਸੇ ਡੀਲ ਦੇ ਹੀ ਬ੍ਰਿਟੇਨ ਨੂੰ ਵੱਖ ਕਰ ਲੈਣ।
ਕੰਜ਼ਰਵੇਟਿਵ ਪਾਰਟੀ ਦੇ ਵਫਾਦਾਰਾਂ 'ਚ ਉਨ੍ਹਾਂ ਦਾ ਚੰਗਾ ਸਮਰਥਨ ਪਾਇਆ ਜਾ ਰਿਹਾ ਹੈ। ਕਿਹਾ ਤਾਂ ਇਹ ਵੀ ਜਾ ਰਿਹੈ ਕਿ ਪ੍ਰਧਾਨ ਮੰਤਰੀ ਦੇ ਅਨੁਕੂਲ ਦਿਖਾਈ ਦੇਣ ਲਈ ਜਾਨਸਨ ਨੇ ਆਪਣਾ ਭਾਰ ਵੀ ਘਟਾਇਆ ਹੈ ਅਤੇ ਆਪਣੇ ਸੁਨਹਿਰੇ ਵਾਲਾਂ ਨੂੰ ਵੀ ਸੰਵਾਰਨਾ ਸ਼ੁਰੂ ਕਰ ਦਿੱਤਾ ਹੈ। 

 

ਪ੍ਰਧਾਨ ਮੰਤਰੀ ਦੀ ਦੌੜ 'ਚ ਜਾਨਸਨ ਦੇ ਸਭ ਤੋਂ ਕਰੀਬੀ ਉਮੀਦਵਾਰ ਸਾਬਕਾ ਬ੍ਰੈਗਜ਼ਿਟ ਸਕੱਤਰ ਡੋਮਿਨਿਕ ਰਾਬ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਯੂਰਪੀ ਸੰਘ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਉਹ ਆਪਣੀ ਉਮੀਦਵਾਰੀ ਦਾ ਐਲਾਨ ਕਰ ਸਕਦੇ ਹਨ। ਉਹ ਵੀ ਯੂਰਪੀ ਸੰਘ ਤੋਂ ਬ੍ਰਿਟੇਨ ਨੂੰ ਵੱਖ ਕਰਨ ਦੇ ਸ਼ੁਰੂ ਤੋਂ ਸਮਰਥਕ ਮੰਨੇ ਜਾਂਦੇ ਹਨ।
52 ਸਾਲਾ ਵਿਦੇਸ਼ ਮੰਤਰੀ ਜੈਰੇਮੀ ਹੰਟ ਪ੍ਰਧਾਨ ਮੰਤਰੀ ਅਹੁਦੇ ਦੇ ਇਕ ਹੋਰ ਉਮੀਦਵਾਰ ਹੋ ਸਕਦੇ ਹਨ। ਉਹ ਇਸ ਅਹੁਦੇ ਲਈ ਆਪਣੀ ਇੱਛਾ ਪਹਿਲਾਂ ਵੀ ਪ੍ਰਗਟਾ ਚੁੱਕੇ ਹਨ। ਸ਼ੁਰੂ 'ਚ ਉਹ ਬ੍ਰੈਗਜ਼ਿਟ ਦੇ ਖਿਲਾਫ ਸਨ ਪਰ ਹੁਣ ਉਹ ਇਸ ਦੇ ਸਮਰਥਕ ਹੋ ਗਏ ਹਨ। ਉਹ ਆਪਣੇ ਸਹਿਯੋਗੀਆਂ ਵਿਚਕਾਰ ਖੁਦ ਨੂੰ ਇਕ ਅਜਿਹੇ ਉਮੀਦਵਾਰ ਦੇ ਰੂਪ 'ਚ ਪੇਸ਼ ਕਰ ਰਹੇ ਹਨ ਜੋ ਟੋਰੀ ਪਾਰਟੀ ਦੇ ਵੱਖਰੇ ਧੜਿਆਂ ਵਿਚਕਾਰ ਏਕਤਾ ਕਰਵਾਉਣ ਦਾ ਇਛੁੱਕ ਹੈ। 

ਵਾਤਾਵਰਣ ਸਕੱਤਰ ਮਾਈਕੇਲ ਗੋਵ ਵੀ ਇਸ ਅਹੁਦੇ ਦੇ ਦਾਅਵੇਦਾਰ ਹੋ ਸਕਦੇ ਹਨ। ਬ੍ਰੈਗਜ਼ਿਟ ਦੇ ਸਮਰਥਕ ਆਪਣੀ ਰੰਗ ਬਦਲਦੀ ਰਣਨੀਤੀ ਲਈ ਜਾਣੇ ਜਾਂਦੇ ਹਨ। 2016 'ਚ ਉਨ੍ਹਾਂ ਨੇ ਜਾਨਸਨ ਦਾ ਸਾਥ ਦਿੱਤਾ ਸੀ ਤੇ ਫਿਰ ਉਸ ਦੇ ਖਿਲਾਫ ਹੋ ਗਏ ਸਨ।

ਹਾਊਸ ਆਫ ਕਾਮਨਜ਼ ਦੇ ਨੇਤਾ ਦਾ ਅਹੁਦਾ ਛੱਡ ਕੇ ਥੈਰੇਸਾ ਨੂੰ ਅਸਤੀਫੇ ਲਈ ਮਜਬੂਰ ਕਰਨ ਵਾਲੀ ਆਂਦ੍ਰਿਆ ਲੀਡਸਮ ਵੀ ਕੰਜ਼ਰਵੇਟਿਵ ਪਾਰਟੀ ਦੇ ਯੂਰਪੀ ਸੰਘ ਤੋਂ ਵੱਖ ਹੋਣ 'ਚ ਵਿਸ਼ਵਾਸ ਕਰਨ ਵਾਲੇ ਧੜੇ ਵਲੋਂ ਉਮੀਦਵਾਰ ਹੋ ਸਕਦੀ ਹੈ। ਇਨ੍ਹਾਂ ਦੇ ਇਲਾਵਾ ਗ੍ਰਹਿ ਸਕੱਤਰ ਸਾਜਿਦ ਜਾਵਿਦ, ਸਿਹਤ ਸਕੱਤਰ ਮੈਟ ਹੈਂਕਾਕ, ਇੰਟਰਨੈਸ਼ਨਲ ਡਿਵੈਲਪਮੈਂਟ ਸਕੱਤਰ ਰੋਰੀ ਸਟੀਵਰਟ, ਰੱਖਿਆ ਸਕੱਤਰ ਪੇਨੀ ਮੋਰਡਾਂਟ ਅਤੇ ਟ੍ਰੇਜਰੀ ਮੁੱਖ ਸਕੱਤਰ ਲਿਜ ਟ੍ਰਸਸ ਵੀ ਇਸ ਅਹੁਦੇ ਦੇ ਦਾਅਵੇਦਾਰ ਹੋ ਸਕਦੇ ਹਨ।