ਨਿਊਜ਼ੀਲੈਂਡ ਨੇ ਕੋਰੋਨਾ ਵਿਰੁੱਧ ਜੰਗ ਜਿੱਤ ਲਈ ਹੈ : ਜੈਸਿੰਡਾ ਅਰਡਰਨ

04/27/2020 6:08:39 PM

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਇਕ ਵੱਡਾ ਬਿਆਨ ਦਿੱਤਾ। ਬਿਆਨ ਵਿਚ ਜੈਸਿੰਡਾ ਨੇ ਕਿਹਾ ਹੈ ਕਿ ਉਹਨਾਂ ਦੇ ਦੇਸ਼ ਨੇ ਕੋਰੋਨਾ ਇਨਫੈਕਸ਼ਨ ਰੋਕਣ ਦੇ ਮਾਮਲੇ ਵਿਚ ਮਹੱਤਵਪੂਰਣ ਜਿੱਤ ਹਾਸਲ ਕਰ ਲਈ ਹੈ। ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ ਸਿਰਫ 1469 ਮਾਮਲੇ ਸਾਹਮਣੇ ਆਏ ਹਨ ਅਤੇ 19 ਲੋਕਾਂ ਦੀ ਮੌਤ ਹੋਈ ਹੈ।

ਸੋਮਵਾਰ ਨੂੰ ਜੈਸਿੰਡਾ ਦੇ ਐਲਾਨ ਦੇ ਬਾਅਦ ਨਿਊਜ਼ੀਲੈਂਡ ਵਿਚ ਲਾਕਡਾਊਨ ਵਿਚ ਵੀ ਛੋਟ ਮਿਲੇਗੀ। ਇੱਥੇ ਲਾਕਡਾਊਨ ਦੇ ਐਲਰਟ ਲੈਵਲ 4 ਤੋਂ ਐਲਰਟ ਲੈਵਲ 3 ਵਿਚ ਜਾਣ ਦਾ ਐਲਾਨ ਕੀਤਾ ਗਿਆ ਹੈ। ਹੁਣ ਕੁਝ ਬਿਜ਼ਨੈੱਸ, ਹੋਮ ਡਿਲੀਵਰੀ ਫੂਡ ਆਊਟਲੈਟ ਅਤੇ ਸਕੂਲਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਭਾਵੇਂਕਿ ਜ਼ਿਆਦਾਤਰ ਆਬਾਦੀ ਨੂੰ ਹਾਲੇ ਵੀ ਪਾਬੰਦੀਆਂ ਵਿਚ ਰਹਿਣਾ ਹੋਵੇਗਾ। ਜੈਸਿੰਡਾ ਨੇ ਕਿਹਾ,''ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਵੱਡੇ ਪੱਧਰ 'ਤੇ ਨਹੀਂ ਫੈਲ ਰਿਹਾ ਹੈ। ਅਸੀਂ ਇਕ ਜੰਗ ਜਿੱਤ ਲਈ ਹੈ।'' 

ਉੱਥੇ ਦੇਸ਼ ਦੇ ਡਾਇਰੈਕਟਰ ਜਨਰਲ ਆਫ ਹੈਲਥ ਐਸ਼ਲੀ ਬਲੂਮਫੀਲਡ ਨੇ ਕਿਹਾ,''ਇਨਫੈਕਟਿਡ ਲੋਕਾਂ ਦੀ ਘੱਟ ਗਿਣਤੀ ਸਾਨੂੰ ਆਤਮਵਿਸ਼ਵਾਸ ਦੇ ਰਹੀ ਹੈ ਕਿ ਅਸੀਂ ਵਾਇਰਸ ਦੇ ਖਾਤਮੇ ਦਾ ਟੀਚਾ ਹਾਸਲ ਕਰ ਲਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮਾਮਲਿਆਂ ਦੀ ਗਿਣਤੀ ਜ਼ੀਰੋ ਹੈ ਪਰ ਸਾਨੂੰ ਪਤਾ ਹੈ ਕਿ ਲੋਕ ਕਿਵੇਂ ਇਨਪੈਕਟਿਡ ਹੋ ਰਹੇ ਹਨ।'' ਐਸ਼ਲੀ ਬਲੂਮਫੀਲਡ ਨੇ ਕਿਹਾ,''ਸਾਡਾ ਟੀਚਾ ਖਾਤਮਾ ਹੈ ਪਰ ਇਕ ਵਾਰ ਫਿਰ ਕਹਿ ਰਿਹਾ ਹਾਂ ਇਸ ਦਾ ਮਤਲਬ ਹੈ ਕਿ ਅਸੀਂ ਇਨਫੈਕਟਿਡਾਂ ਦੀ ਗਿਣਤੀ ਨੂੰ ਬਹੁਤ ਘੱਟ ਅੰਕਾਂ 'ਤੇ ਰੱਖੀਏ। ਇਸ ਨਾਲ ਅਸੀਂ ਨਵੇਂ ਮਾਮਲਿਆਂ ਦੀ ਸਹੀ ਢੰਗ ਨਾਲ ਪੜਤਾਲ ਕਰ ਪਾਵਾਂਗੇ।'' 

ਪ੍ਰਧਾਨ ਮੰਤਰੀ ਜੈਸਿੰਡਾ ਨੇ ਇਹ ਵੀ ਕਿਹਾ ਕਿ ਇਹ ਤੈਅ ਨਹੀਂ ਹੈ ਕਿ ਕਦੋਂ ਤੱਕ ਅਸੀਂ ਪੂਰੀ ਤਰ੍ਹਾਂ ਵਾਇਰਸ ਨੂੰ ਖਤਮ ਕਰ ਪਾਵਾਂਗੇ ਅਤੇ ਸਧਾਰਨ ਜ਼ਿੰਦਗੀ ਵਿਚ ਪਰਤ ਸਕਾਂਗੇ। ਜੈਸਿੰਡਾ ਮੁਤਾਬਕ,''ਹਰ ਕੋਈ ਸਮਾਜਿਕ ਸੰਪਰਕ ਵਿਚ ਵਾਪਸ ਜਾਣਾ ਚਾਹੁੰਦਾ ਹੈ। ਅਸੀਂ ਸਭ ਮਿਸ ਕਰ ਰਹੇ ਹਾਂ ਪਰ ਭਰੋਸੇ ਦੇ ਨਾਲ ਅਜਿਹਾ ਕਰਨ ਲਈ ਸਾਨੂੰ ਹੌਲੀ-ਹੌਲੀ ਅਤੇ ਸਾਵਧਾਨੀ ਨਾਲ ਅੱਗੇ ਵਧਣਾ ਹੋਵੇਗਾ। ਅਸੀਂ ਜੋ ਬੜਤ ਹਾਸਲ ਕੀਤੀ ਹੈ ਉਸ ਨੂੰ ਗਵਾਉਣਾ ਨਹੀਂ ਚਾਹਾਂਗੇ। ਇਸ ਲਈ ਅਸੀਂ ਲੋਕ ਲਾਕਡਾਊਨ ਦੇ ਲੈਵਲ 3 ਵਿਚ ਰਹਾਂਗੇ।''  ਜੈਸਿੰਡਾ ਨੇ ਕਿਹਾ,''ਅਸੀਂ ਅਰਥ ਵਿਵਸਥਾ ਨੂੰ ਖੋਲ੍ਹ ਰਹੇ ਹਾਂ ਪਰ ਲੋਕਾਂ ਦੀ ਸਮਾਜਿਕ ਜ਼ਿੰਦਗੀ ਤੋਂ ਪਾਬੰਦੀਆਂ ਨਹੀਂ ਹਟਾ ਰਹੇ ਹਾਂ।'' ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਦੀ ਆਬਾਦੀ ਕਰੀਬ 50 ਲੱਖ ਹੈ। ਬੀਤੇ 24 ਘੰਟਿਆਂ ਵਿਚ ਇੱਥੇ ਇਨਫੈਕਸਨ ਦਾ ਸਿਰਫ ਇਕ ਮਾਮਲਾ ਸਾਹਮਣੇ ਆਇਆ ਹੈ। 

Vandana

This news is Content Editor Vandana