ਮਾਮਲਾ ਸਿੱਖ ਦੀ ਕਿਰਪਾਨ ਉਤਾਰਨ ਦਾ : ਪੁਲਸ ਨੇ ਕਿਹਾ—ਹਥਿਆਰ ਨਹੀਂ, ਸਿੱਖਾਂ ਦਾ ਧਾਰਮਿਕ ਚਿੰਨ੍ਹ

07/27/2017 5:17:21 PM

ਆਕਲੈਂਡ, (ਜੁਗਰਾਜ ਸਿੰਘ ਮਾਨ)— ਬੀਤੇ ਕੱਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਪੁਲਸ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਕਿਸੇ ਨੇ ਇਕ ਬੱਸ ਵਿਚ ਸਵਾਰ ਵਿਅਕਤੀ ਕੋਲ ਖ਼ਤਰਨਾਕ ਹਥਿਆਰ ਹੋਣ ਦੀ ਸੂਚਨਾ ਦੇ ਦਿੱਤੀ। ਪੁਲਸ ਨੇ ਬੱਸ ਨੂੰ ਪਿਛਾ ਕਰਕੇ ਰੋਕਿਆ ਤਾਂ ਪਤਾ ਲੱਗਾ ਕਿ ਇਕ ਅੰਮ੍ਰਿਤਧਾਰੀ ਨੌਜਵਾਨ ਨੇ ਆਪਣਾ ਧਾਰਮਿਕ ਕਕਾਰ 'ਕਿਰਪਾਨ' ਪਹਿਨੀ ਹੋਈ ਸੀ। ਪੁਲਿਸ ਨੇ ਸਿੱਖ ਵਿਅਕਤੀ ਵਲੋਂ ਪਹਿਨੀ 'ਕਿਰਪਾਨ' ਤੋਂ ਕੋਈ ਖਤਰਾ ਨਾ ਹੋਣ ਦੀ ਗੱਲ ਆਖ ਕੇ ਮਾਮਲੇ ਨੂੰ ਸ਼ਾਂਤ ਕਰ ਦਿੱਤਾ।
ਇਹ ਘਟਨਾ ਬੀਤੇ ਕੱਲ ਤਕਰੀਬਨ ਸਵੇਰੇ 10 ਵਜੇ ਬ੍ਰਿਟੋਮਾਰਟ ਤੋਂ ਕੁਈਨ ਸਟਰੀਟ ਵੱਲ ਜਾ ਰਹੀ ਬੱਸ 'ਚ ਬੈਠੇ ਇਕ ਸਿੱਖ ਵਿਅਕਤੀ ਨਾਲ ਵਾਪਰੀ।  ਪੁਲਸ ਦੇ ਬੁਲਾਰੇ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ 20-22 ਸਾਲਾ ਸਿੱਖ ਵਿਅਕਤੀ ਵਿਰੁੱਧ ਸ਼ਿਕਾਇਤ ਆਈ ਸੀ ਕਿ ਉਸ ਕੋਲ ਹਥਿਆਰ ਹੈ ਪਰ ਪੁਲਸ ਨੇ ਕਾਰਵਾਈ ਦੌਰਾਨ ਪਤਾ ਲਗਾਇਆ ਕਿ ਉਸ ਕੋਲ ਹਥਿਆਰ ਨਹੀਂ ਸਗੋਂ ਸਿੱਖਾਂ ਵਲੋਂ ਪਹਿਨਿਆ ਜਾਂਦਾ ਧਾਰਮਿਕ ਚਿੰਨ੍ਹ ਕਿਰਪਾਨ ਸੀ, ਜੋ ਕਿ ਖਤਰਨਾਕ ਨਹੀਂ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਉਕਤ ਸਿੱਖ ਵਿਅਕਤੀ ਕਾਨੂੰਨੀ ਤੌਰ 'ਤੇ ਪੱਕਾ ਨਿਊਜ਼ੀਲੈਂਡ 'ਚ ਰਹਿ ਰਿਹਾ ਸੀ ਅਤੇ ਉਹ ਬਹੁਤ ਨਿਮਰ ਸੁਭਾਅ ਦਾ ਸੀ। ਜਾਂਚ-ਪੜਤਾਲ ਮੌਕੇ ਉਸ ਵਲੋਂ ਪੁਲਸ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੈਸ਼ਨਲ ਐੱਮ. ਪੀ. ਕੰਵਲਜੀਤ ਸਿੰਘ ਬਖ਼ਸ਼ੀ ਵਲੋਂ ਅਗਸਤ 2015 'ਚ ਕਿਰਪਾਨ ਪਾਉਣ ਦੀ ਕਾਨੂੰਨੀ ਮਾਨਤਾ ਸੰਬੰਧੀ ਸੰਸਦ 'ਚ ਇਕ ਬਿੱਲ ਪੇਸ਼ ਕੀਤਾ ਗਿਆ ਸੀ। ਉਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਨਿਊਜ਼ੀਲੈਂਡ ਭਰ 'ਚ ਕਿਸੇ ਵੀ ਸਿੱਖ ਨੂੰ 10 ਸੈਂਟੀਮੀਟਰ ਤੱਕ ਦੀ ਲੰਬਾਈ ਵਾਲੀ ਕਿਰਪਾਨ ਪਹਿਨਣ ਦੀ ਆਜ਼ਾਦੀ ਹੈ।
ਹਾਲਾਂਕਿ ਕੰਵਲਜੀਤ ਸਿੰਘ ਬਖ਼ਸ਼ੀ ਵਲੋਂ 2008 'ਚ ਐੱਮ. ਪੀ. ਬਣਨ ਮੌਕੇ ਉਸ ਸਮੇਂ ਦੇ ਸਪੀਕਰ ਆਫ ਹਾਊਸ ਲਾਕਵੁੱਡ ਸਮਿਥ ਨੂੰ ਸਿੱਖਾਂ ਦੇ ਧਾਰਮਿਕ ਕਕਾਰ ਕਿਰਪਾਨ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਸੰਸਦ 'ਚ ਆਉਣ ਅਤੇ ਜਹਾਜ਼ਾਂ ਵਿਚ ਸਫਰ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ।