ਨਿਊਜ਼ੀਲੈਂਡ ਚ ਗੁਰਦੁਆਰਾ ਪ੍ਰਬੰਧਕਾਂ ਨੂੰ ਲੱਗਾ ਭਾਰੀ ਜ਼ੁਰਮਾਨਾ

10/30/2019 12:45:26 PM

ਆਕਲੈਂਡ (ਜੁਗਰਾਜ ਸਿੰਘ ਮਾਨ) : ਆਕਲੈਂਡ ਵਿਚ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਰੋਜ਼ਗਾਰ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ 'ਚ ਹਜ਼ਾਰਾਂ ਡਾਲਰ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਸਥਾਨਕ ਅਖਬਾਰਾਂ ਦੀਆਂ ਸੁਰਖੀਆਂ ਮੁਤਾਬਕ ਹਰਪ੍ਰੀਤ ਅਤੇ ਜਸਵਿੰਦਰ ਸਿੰਘ ਪਿਛਲੇ ਸਾਲ ਅਕਤੂਬਰ 2017 ਤੋਂ ਮਈ ਤੱਕ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪਾਪਾਟੋਏਟੋਏ ਵਿਖੇ ਨੌਕਰੀ ਕਰਦੇ ਸਨ। ਪਰ ਅੱਧੇ ਸਾਲ ਦੇ ਕੰਮ ਲਈ ਹਰਪ੍ਰੀਤ ਸਿੰਘ ਨੂੰ ਸਿਰਫ 2000 ਡਾਲਰ ਨਕਦ ਅਤੇ ਜਸਵਿੰਦਰ ਸਿੰਘ ਨੂੰ 1000 ਡਾਲਰ ਦੀ ਅਦਾਇਗੀ ਕੀਤੀ ਗਈ।

ਨਿਊਜ਼ੀਲੈਂਡ ਦੀ ਰੋਜ਼ਗਾਰ ਸਬੰਧੀ ਅਥਾਰਟੀ ਨੇ ਪਾਇਆ ਹੈ ਕਿ ਗੁਰਦੁਆਰਾ ਪ੍ਰਬੰਧਕਾਂ ਨੇ ਪੁਰਸ਼ਾਂ ਦੇ ਰੁਜ਼ਗਾਰ ਸਮਝੌਤੇ, ਘੱਟੋ ਘੱਟ ਤਨਖਾਹ ਐਕਟ ਅਤੇ ਛੁੱਟੀ ਐਕਟ ਦੀ ਉਲੰਘਣਾ ਕੀਤੀ ਹੈ। ਅਥਾਰਟੀ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਹਰਪ੍ਰੀਤ ਸਿੰਘ ਨੂੰ 32,000 ਡਾਲਰ ਅਤੇ ਜਸਵਿੰਦਰ ਨੂੰ 34,000 ਡਾਲਰ ਦੱਬੀਆਂ ਤਨਖਾਹਾਂ, ਛੁੱਟੀਆਂ ਦੀ ਤਨਖਾਹ ਅਤੇ ਬੇਇੱਜ਼ਤੀ ਤੇ ਇੱਜ਼ਤ ਦੇ ਨੁਕਸਾਨ ਲਈ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ।

ਰੁਜ਼ਗਾਰ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਨੂੰ 40,000 ਡਾਲਰ ਦਾ ਜ਼ੁਰਮਾਨਾ ਵੀ ਦੇਣਾ ਪਵੇਗਾ। ਹਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਦੋਵੇਂ ਭਾਰਤੀ ਨਾਗਰਿਕ ਹਨ ਅਤੇ ਨਿਊਜ਼ੀਲੈਂਡ ਦੇ ਗੁਰੂ-ਘਰ ਵਿਚ ਰਾਗੀ ਸਿੰਘ ਦੀ ਸੇਵਾ ਨਿਭਾਉਂਦੇ ਹਨ।ਉਹ ਕੀਰਤਨ ਕਰਨ ਤੋਂ ਇਲਾਵਾ ਅਰਦਾਸ ਕਰਨ, ਬੱਚਿਆਂ ਨੂੰ ਕੀਰਤਨ ਸਿਖਾਉਣ, ਗੁਰਦੁਆਰਾ ਸਾਹਿਬ ਦੀ ਸਫ਼ਾਈ ਕਰਨ ਅਤੇ ਕਦੀ-ਕਦੀ ਲੰਗਰ ਤਿਆਰ ਕਰਨ ਅਤੇ ਪਰੋਸਣ ਦੀ ਸੇਵਾ ਵੀ ਨਿਭਾਉਂਦੇ ਸਨ।

Vandana

This news is Content Editor Vandana