ਓਮੀਕਰੋਨ ਦੀ ਦਹਿਸ਼ਤ, ਨਿਊਜ਼ੀਲੈਂਡ ਨੇ ਸਰਹੱਦ ਖੋਲ੍ਹਣ ਦਾ ਫ਼ੈਸਲਾ ਕੀਤਾ ਮੁਲਤਵੀ

12/21/2021 1:25:01 PM

ਵੈਲਿੰਗਟਨ (ਬਿਊਰੋ): ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੇ ਫ਼ੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਕ ਬਿਆਨ 'ਚ ਕਿਹਾ ਕਿ ਸਰਕਾਰ ਨੇ ਇਹ ਫ਼ੈਸਲੇ ਓਮੀਕਰੋਨ ਵੇਰੀਐਂਟ ਇਨਫੈਕਸ਼ਨ ਨੂੰ ਰੋਕਣ ਦੇ ਮੱਦੇਨਜ਼ਰ ਲਏ ਹਨ ਤਾਂ ਜੋ ਸਮੇਂ ਸਿਰ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾ ਸਕਣ। ਫੇਸਬੁੱਕ ਲਾਈਵ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਰਕਾਰ ਇਨਫੈਕਸ਼ਨ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕੋਰੋਨਾ ਪਾਬੰਦੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਨੇ ਕੋਰੋਨਾ ਸਬੰਧੀ ਕੁਝ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਜਨਵਰੀ ਤੋਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਣ ਦਾ ਫ਼ੈਸਲਾ ਫਰਵਰੀ ਦੇ ਅੰਤ ਤੱਕ ਟਾਲ ਦਿੱਤਾ ਗਿਆ ਹੈ। ਨਿਊਜ਼ੀਲੈਂਡ ਵਿਚ ਓਮੀਕਰੋਨ ਵੇਰੀਐਂਟ ਦੇ 22 ਮਾਮਲੇ ਦਰਜ ਕੀਤੇ ਗਏ ਹਨ ਪਰ ਇਹ ਸਾਰੇ ਮਾਮਲੇ ਬਾਰਡਰ ਕੁਆਰੰਟੀਨ ਸਹੂਲਤਾਂ ਵਿਚ ਹਨ ਅਤੇ ਅਜੇ ਤੱਕ ਕੋਈ ਭਾਈਚਾਰਕ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਪੜ੍ਹੋ ਇਹ ਅਹਿਮ ਖਬਰ -ਨਿਊਜ਼ੀਲੈਂਡ 'ਚ ਜਨਵਰੀ ਤੋਂ ਲੱਗੇਗੀ ਬੱਚਿਆਂ ਨੂੰ ਕੋਰੋਨਾ ਵੈਕਸੀਨ

ਫਿਲਹਾਲ ਨਹੀਂ ਖੁਲ੍ਹਣਗੇ ਬਾਰਡਰ
ਕੋਵਿਡ-19 ਮਾਮਲਿਆਂ 'ਤੇ ਦੇਸ਼ ਦੇ ਮੰਤਰੀ ਕ੍ਰਿਸ ਹਿਪਕਿਨਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਨਿਊਜ਼ੀਲੈਂਡ ਦੇ ਲੋਕਾਂ ਲਈ 16 ਜਨਵਰੀ ਤੋਂ ਗੈਰ-ਕੁਆਰੰਟੀਨ ਯਾਤਰਾ ਸ਼ੁਰੂ ਹੋਣੀ ਸੀ। ਇਸ ਦੀ ਸ਼ੁਰੂਆਤ ਆਸਟ੍ਰੇਲੀਆ ਦੀ ਗੈਰ-ਕੁਆਰੰਟੀਨ ਯਾਤਰਾ ਨਾਲ ਹੋਣੀ ਸੀ ਪਰ ਇਹ ਫ਼ੈਸਲਾ ਵੀ ਫਰਵਰੀ ਦੇ ਅੰਤ ਤੱਕ ਟਾਲ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਤੋਂ ਇਹ ਸਪੱਸ਼ਟ ਹੈ ਕਿ ਓਮੀਕਰੋਨ ਕੋਰੋਨਾ ਦਾ ਸਭ ਤੋਂ ਵੱਧ ਛੂਤਕਾਰੀ ਵੇਰੀਐਂਟ ਹੈ। 

ਦੇਸ਼ ਵਿਚ ਸਾਵਧਾਨੀ ਵਜੋਂ ਕੋਰੋਨਾ ਪਾਬੰਦੀਆਂ ਲਗਾਈਆਂ ਗਈਆਂ ਸਨ। ਕਿਉਂਕਿ ਉਦੋਂ ਸਪੱਸ਼ਟ ਨਹੀਂ ਸੀ ਕਿ ਓਮੀਕਰੋਨ ਵੇਰੀਐਂਟ ਕਿੰਨਾ ਜ਼ਿਆਦਾ ਛੂਤਕਾਰੀ ਹੈ ਅਤੇ ਇਹ ਦੇਸ਼ ਦੀਆਂ ਸਿਹਤ ਪ੍ਰਣਾਲੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕੁਆਰੰਟੀਨ ਦੀ ਮਿਆਦ ਇੱਕ ਹਫ਼ਤੇ ਤੋਂ ਵਧਾ ਕੇ 10 ਦਿਨ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਦੇਸ਼ 'ਚ ਪਹੁੰਚਣ ਤੋਂ ਪਹਿਲਾਂ ਪ੍ਰੀ-ਡਿਪਾਰਚਰ ਟੈਸਟ ਦੀ ਮਿਆਦ 72 ਘੰਟਿਆਂ ਤੋਂ ਘਟਾ ਕੇ 48 ਘੰਟੇ ਕਰ ਦਿੱਤੀ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana