ਨਿਊਜ਼ੀਲੈਂਡ 'ਚ ਮਸਜਿਦ ਹਮਲੇ ਦੇ ਦੋਸ਼ੀ ਦੀ ਅਦਾਲਤ 'ਚ ਹੋਈ ਪੇਸ਼ੀ

03/16/2019 12:57:06 PM

ਵਲਿੰਗਟਨ/ ਸਿਡਨੀ, (ਏਜੰਸੀ)— ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਸ਼ਹਿਰ 'ਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ 'ਚ ਗੋਲੀਬਾਰੀ ਕਰਕੇ 49 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਬ੍ਰੇਂਟਨ ਟੈਰੇਂਟ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਆਸਟ੍ਰੇਲੀਆ 'ਚ ਜੰਮੇ 28 ਸਾਲਾ ਬ੍ਰੇਂਟਨ ਟੈਰੇਂਟ ਨੂੰ ਅਦਾਲਤ 'ਚ ਹੱਥਕੜੀ ਲਗਾ ਕੇ ਅਤੇ ਕੈਦੀਆਂ ਵਾਲੀ ਚਿੱਟੀ ਕਮੀਜ਼ ਪੁਆ ਕੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦੇ ਖਿਲਾਫ ਹੱਤਿਆ ਦੇ ਦੋਸ਼ ਤੈਅ ਕੀਤੇ। ਵਕੀਲਾਂ ਦਾ ਕਹਿਣਾ ਹੈ ਕਿ ਉਸ 'ਤੇ ਹੋਰ ਵੀ ਦੋਸ਼ ਲਗਾਏ ਜਾ ਸਕਦੇ ਹਨ। ਹਮਲਾਵਰ ਫਿੱਟਨੈੱਸ ਅਧਿਆਪਕ ਰਿਹਾ ਹੈ। ਉਸ ਨੇ ਕਈ ਵਾਰ ਅਦਾਲਤ 'ਚ ਮੌਜੂਦ ਮੀਡੀਆ ਵੱਲ ਦੇਖਿਆ। ਉਹ ਨਕਲੀ ਹਾਸਾ ਹੱਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਰੱਖਿਆ ਕਾਰਣਾਂ ਕਰਕੇ ਸੁਣਵਾਈ ਬੰਦ ਕਮਰੇ 'ਚ ਹੋਈ। ਹਮਲਾਵਰ ਨੇ ਜ਼ਮਾਨਤ ਦੀ ਕੋਈ ਅਰਜ਼ੀ ਨਹੀਂ ਦਿੱਤੀ।

5 ਅਪ੍ਰੈਲ ਨੂੰ ਹੋਣ ਵਾਲੀ ਅਗਲੀ ਸੁਣਵਾਈ ਤਕ ਉਸ ਨੂੰ ਹਿਰਾਸਤ 'ਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹਮਲੇ 'ਚ 4 ਸਾਲਾ ਬੱਚੇ ਸਮੇਤ 42 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸ਼ਨੀਵਾਰ ਨੂੰ ਹਮਲੇ ਦੇ ਵਿਸ਼ਵ ਪੱਧਰ 'ਤੇ ਪਏ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਉੁਨ੍ਹਾਂ ਦੀ ਸਰਕਾਰ ਪਾਕਿਸਤਾਨ, ਤੁਰਕੀ, ਸਾਊਦੀ ਅਰਬ, ਬੰਗਲਾਦੇਸ਼, ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੇਸ਼ 'ਚ ਬੰਦੂਕ ਸਬੰਧੀ ਕਾਨੂੰਨ 'ਚ ਬਦਲਾਅ ਕਰਨ ਦੀ ਤਿਆਰੀ ਹੋ ਰਹੀ ਹੈ।