ਨਿਊਜ਼ੀਲੈਂਡ : 50 ਦਿਨ ''ਚ ਲੋਕਾਂ ਨੇ ਵਾਪਸ ਕੀਤੀਆਂ 12 ਹਜ਼ਾਰ ਬੰਦੂਕਾਂ

08/19/2019 10:20:51 AM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਸਰਕਾਰ ਨੇ 15 ਮਾਰਚ ਨੂੰ ਕ੍ਰਾਈਸਟਚਰਚ ਅੱਤਵਾਦੀ ਹਮਲੇ ਦੇ ਬਾਅਦ ਵਿਲੱਖਣ ਪਹਿਲ ਕੀਤੀ। ਸਰਕਾਰ ਗਨ ਬਾਏ-ਬੈਕ ਸਕੀਮ ਦੇ ਤਹਿਤ ਲੋਕਾਂ ਤੋਂ ਹਥਿਆਰ ਖਰੀਦ ਰਹੀ ਹੈ। 20 ਜੂਨ ਨੂੰ ਸਕੀਮ ਲਾਗੂ ਹੋਣ ਦੇ ਬਾਅਦ ਤੋਂ ਲੋਕਾਂ ਨੇ 50 ਦਿਨਾਂ ਵਿਚ 12,183 ਹਥਿਆਰ ਵਾਪਸ ਕੀਤੇ ਹਨ। ਇਸ ਵਿਚ 11 ਹਜ਼ਾਰ ਹਥਿਆਰ ਪਾਬੰਦੀਸ਼ੁਦਾ ਸ਼੍ਰੇਣੀ ਦੇ ਹਨ। ਸਰਕਾਰ ਨੇ ਇਨ੍ਹਾਂ ਦੇ ਬਦਲੇ 73 ਕਰੋੜ ਰੁਪਏ ਲੋਕਾਂ ਨੂੰ ਦਿੱਤੇ ਹਨ। 

ਸਕੀਮ ਲਈ 200 ਮਿਲੀਅਨ ਡਾਲਰ (920 ਕਰੋੜ ਰੁਪਏ) ਦਾ ਬਜਟ ਹੈ। ਭਾਵੇਂਕਿ ਸਰਕਾਰ ਨੂੰ ਵੀ ਨਹੀਂ ਪਤਾ ਕਿ ਲੋਕਾਂ ਕੋਲ ਕਿੰਨੇ ਹਥਿਆਰ ਹਨ। ਇਕ ਅਨੁਮਾਨ ਮੁਤਾਬਕ ਵੈਧ ਅਤੇ ਪਾਬੰਦੀਸ਼ੁਦਾ ਮਿਲਾ ਕੇ ਲੋਕਾਂ ਕੋਲ 12 ਲੱਖ ਹਥਿਆਰ ਹਨ ਜਦਕਿ ਨਿਊਜ਼ੀਲੈਂਡ ਦੀ ਆਬਾਦੀ 47.9 ਲੱਖ ਹੈ ਮਤਲਬ ਹਰ ਚੌਥੇ ਸ਼ਖਸ ਕੋਲ ਇਕ ਬੰਦੂਕ ਹੈ। ਲੋਕਾਂ ਨੂੰ ਉਨ੍ਹਾਂ ਦੀ ਬੰਦੂਕ ਲਈ ਭੁਗਤਾਨ ਕਰਨ ਦਾ ਇਕ ਖਾਸ ਫਾਰਮੂਲਾ ਤਿਆਰ ਕੀਤਾ ਗਿਆ ਹੈ। ਇਸ ਮੁਤਾਬਕ ਜਿਹੜੀਆਂ ਬੰਦੂਕਾਂ ਖਰਾਬ ਹਾਲਤ ਵਿਚ ਹਨ ਉਸ ਦੇ ਬਦਲੇ ਵਿਚ ਕੀਮਤ ਦਾ 25 ਫੀਸਦੀ ਤੱਕ ਭੁਗਤਾਨ ਕੀਤਾ ਜਾ ਰਿਹਾ ਹੈ। ਚੰਗੀ ਹਾਲਤ ਵਾਲੀਆਂ ਬੰਦੂਕਾਂ ਲਈ 95 ਫੀਸਦੀ ਤੱਕ ਕੀਮਤ ਦਿੱਤੀ ਜਾ ਰਹੀ ਹੈ। 

ਇਕ ਅਮਰੀਕੀ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਵਿਚ ਲੋਕਾਂ ਕੋਲ ਮਿਲਟਰੀ ਸ਼ੈਲੀ ਦੀ ਸੈਮੀ ਆਟੋਮੈਟਿਕ ਬੰਦੂਕਾਂ ਵੀ ਹਨ, ਜਿਨ੍ਹਾਂ ਦੀ ਕੀਮਤ 7 ਲੱਖ ਰੁਪਏ ਤੋਂ 70 ਲੱਖ ਰੁਪਏ ਹੈ। ਜ਼ਿਕਰਯੋਗ ਹੈ ਕਿ ਕ੍ਰਾਈਸਟਚਰਚ ਹਮਲੇ ਵਿਚ 51 ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਸਰਕਾਰ ਹੁਣ ਵਿਦੇਸ਼ੀ ਸੈਲਾਨੀਆਂ ਦੇ ਬੰਦੂਕ ਖਰੀਦਣ 'ਤੇ ਰੋਕ ਲਗਾਉਣ ਵਾਲੀ ਹੈ। ਲਾਈਸੈਂਸ ਮੰਗਣ ਵਾਲਿਆਂ ਦੇ ਸੋਸ਼ਲ ਮੀਡੀਆ ਦੀ ਵੀ ਜਾਂਚ ਹੋਵੇਗੀ। ਲਾਈਸੈਂਸ ਦੀ ਮਿਆਦ 10 ਸਾਲ ਤੋਂ ਘਟਾ ਕੇ 5 ਸਾਲ ਕੀਤੀ ਜਾ ਸਕਦੀ ਹੈ। ਇਸ ਸਭ ਦੇ ਇਲਾਵਾ ਬੰਦੂਕਾਂ ਦੇ ਵਿਗਿਆਪਨਾਂ 'ਤੇ ਵੀ ਰੋਕ ਲੱਗੇਗੀ।

Vandana

This news is Content Editor Vandana