ਨਿਊਜ਼ੀਲੈਂਡ: ਲੱਖਾਂ ਡਾਲਰ ਦੇ ਫੋਨ ਘੋਟਾਲਾ ਮਾਮਲੇ ''ਚ ਤਿੰਨ ਭਾਰਤੀ ਵਾਂਟਡ

09/27/2019 4:45:34 PM

ਆਕਲੈਂਡ (ਅਰੁਣ)— ਨਿਊਜ਼ੀਲੈਂਡ 'ਚ ਸੈਂਕੜੇ ਲੋਕਾਂ ਨਾਲ ਹੋਏ ਫੋਨ ਘੋਟਾਲੇ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ 'ਆਪ੍ਰੇਸ਼ਨ ਡੈੱਡਵੁੱਡ' ਦੀ ਸ਼ੁਰੂਆਤ ਕੀਤੀ ਗਈ ਗਈ ਸੀ। ਇਸ ਮਾਮਲੇ 'ਚ ਪੁਲਸ ਨੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ ਪਰ ਹੁਣ ਪੁਲਸ ਨੂੰ ਤਿੰਨ ਹੋਰ ਸ਼ੱਕੀਆਂ ਦੀ ਭਾਲ ਹੈ, ਜਿਨ੍ਹਾਂ ਦੀਆਂ ਪੁਲਸ ਨੇ ਤਸਵੀਰਾਂ ਜਾਰੀ ਕੀਤੀਆਂ ਹਨ।

ਪੁਲਸ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਉਨ੍ਹਾਂ ਦੇ ਖਾਤਿਆਂ 'ਚੋਂ ਬਿਨਾਂ ਉਨ੍ਹਾਂ ਦੀ ਜਾਣਕਾਰੀ ਦੇ ਹਜ਼ਾਰਾਂ ਡਾਲਰ ਕੱਢਵਾਏ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ 100 ਤੋਂ ਵਧੇਰੇ ਅਜਿਹੀਆਂ ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਜਿਨ੍ਹਾਂ 'ਚ 2 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਠੱਗੀ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਡਿਟੈਕਟਿਵ ਸਾਰਜੈਂਟ ਕੈਵਿਨ ਬਲੈਕਮੈਨ ਨੇ ਕਿਹਾ ਕਿ ਘੋਟਾਲੇ ਦੀ ਰਾਸ਼ੀ ਹੋਰ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਕਈ ਲੋਕ ਝਿਜਕ ਕਾਰਨ ਪੁਲਸ ਨੂੰ ਇਸ ਸਬੰਧੀ ਸੂਚਨਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਕ ਪੀੜਤ ਨੇ ਅਜਿਹੇ ਘੋਟਾਲੇ 'ਚ 2.5 ਲੱਖ ਡਾਲਰ ਤੱਕ ਗੁਆ ਦਿੱਤੇ।

ਇਸ ਸਬੰਧੀ ਸਾਰਜੈਂਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਕਈ ਮਾਮਲਿਆਂ 'ਚ ਅਕਸਰ ਪੀੜਤਾਂ ਨੂੰ ਵੈੱਬਸਾਈਟ ਤੋਂ ਸਾਫਟਵੇਅਰ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ ਤੇ ਇਸ ਦੌਰਾਨ ਸਕੈਮਰ ਨੂੰ ਪੀੜਤ ਦੇ ਕੰਪਿਊਟਰ ਤੇ ਫੋਨ ਦਾ ਅਕਸੈਸ ਮਿਲ ਜਾਂਦਾ ਹੈ। ਇਸ ਤੋਂ ਬਾਅਦ ਸਕੈਮਰ ਬਿਨਾਂ ਖਾਤਾਧਾਰਕ ਦੀ ਜਾਣਕਾਰੀ ਦੇ ਉਸ ਦੇ ਖਾਤੇ 'ਚੋਂ ਪੈਸੇ ਕਢਵਾ ਲੈਂਦਾ ਹੈ। ਇਹ ਸੰਦੇਸ਼ ਅਕਸਰ ਭਾਈਚਾਰੇ ਦੇ ਬਜ਼ੁਰਗ ਲੋਕਾਂ ਨੂੰ ਭੇਜੇ ਜਾਂਦੇ ਸਨ ਤੇ ਲੈਂਡਲਾਈਨ 'ਤੇ ਹੀ ਪੀੜਤਾਂ ਨੂੰ ਕਾਲ ਕੀਤੀ ਜਾਂਦੀ ਹੈ। ਜੁਲਾਈ ਤੋਂ ਬਾਅਦ ਪੁਲਸ ਨੇ 12 ਪੁਰਸ਼ਾਂ ਤੇ ਇਕ ਔਰਤ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 21 ਤੋਂ 33 ਸਾਲ ਦੇ ਵਿਚਾਲੇ ਹੈ। ਪੁਲਸ ਨੂੰ ਇਸ ਮਾਮਲੇ 'ਚ ਤਿੰਨ ਹੋਰ ਸ਼ੱਕੀਆਂ ਦੀ ਭਾਲ ਹੈ।

ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਨੀਸ਼ ਖਾਨ, ਤੁਸ਼ਾਰ ਪ੍ਰਭਾਕਰ ਤੇ ਹਿਤੇਸ਼ ਸ਼ਰਮਾ ਦੀ ਭਾਲ ਹੈ, ਜੋ ਸ਼ਾਇਕ ਦੱਖਣੀ ਜਾਂ ਪੂਰਬੀ ਆਕਲੈਂਡ ਨਾਲ ਸਬੰਧ ਰੱਖਦੇ ਹਨ। ਸਾਰਜੈਂਟ ਨੇ ਕਿਹਾ ਕਿ ਇਸ ਸਬੰਧੀ ਪੂਰੇ ਆਕਲੈਂਡ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਹਵਾਈ ਅੱਡਿਆਂ 'ਤੇ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਨਿਊਜ਼ੀਲੈਂਡ 'ਚ ਕੋਈ ਵੀ ਵਪਾਰਕ ਅਧਿਕਾਰੀ ਜਾਂ ਕੋਈ ਪੁਲਸ ਅਧਿਕਾਰੀ ਵੀ ਕਿਸੇ ਵਿਅਕਤੀ ਨੂੰ ਉਸ ਦੇ ਬੈਂਕ ਖਾਤੇ ਜਾਂ ਮਨੀ ਟ੍ਰਾਂਸਫਰ ਬਾਰੇ ਜਾਣਕਾਰੀ ਦੇਣ ਲਈ ਨਹੀਂ ਆਖ ਸਕਦਾ।

Baljit Singh

This news is Content Editor Baljit Singh