ਨਿਊਜ਼ੀਲੈਂਡ : ਮਸਜਿਦ ਹਮਲਿਆਂ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼

03/25/2019 12:42:50 PM

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਕੀ 15 ਮਾਰਚ ਨੂੰ ਕ੍ਰਾਈਸਟਚਰਚ ਦੀਆਂ ਮਸਜਿਦਾਂ ਵਿਚ ਹੋਏ ਹਮਲੇ ਨੂੰ ਪੁਲਸ ਜਾਂ ਖੁਫੀਆ ਸੇਵਾਵਾਂ ਰੋਕ ਸਕਦੀਆਂ ਸਨ। ਅਰਡਰਨ ਨੇ ਕਿਹਾ,''ਇਹ ਪਤਾ ਕਰਨ ਲਈ ਨਿਊਜ਼ੀਲੈਂਡ ਦੇ ਕਾਨੂੰਨ ਦੇ ਤਹਿਤ ਉਪਲਬਧ ਸਭ ਤੋਂ ਵੱਧ ਪ੍ਰਭਾਵਸ਼ਾਲੀ ਨਿਆਂਇਕ ਜਾਂਚ 'ਰੋਇਲ ਕਮੀਸ਼ਨ' ਦੀ ਲੋੜ ਹੈ ਕਿ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ ਇਸ ਮਾਮਲੇ ਵਿਚ ਇਕ ਇੱਕਲੇ ਬੰਦੂਕਧਾਰੀ ਨੇ ਕਿਵੇਂ 50 ਲੋਕਾਂ ਦੀ ਜਾਨ ਲੈ ਲਈ।'' 

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,''ਅੱਤਵਾਦ ਦੀ ਇਸ ਕਾਰਵਾਈ ਦੇ ਪਿੱਛੇ ਦਾ ਪਤਾ ਲਗਾਉਣ ਵਿਚ ਅਤੇ ਇਹ ਜਾਣਨ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਕੀ ਅਸੀਂ ਇਸ ਹਮਲੇ ਨੂੰ ਰੋਕ ਸਕਦੇ ਸੀ।'' ਨਿਊਜ਼ੀਲੈਂਡ ਦੀਆਂ ਜਾਸੂਸੀ ਏਜੰਸੀਆਂ ਹਮਲੇ ਦੇ ਮੱਦੇਨਜ਼ਰ ਇਸਲਾਮੀ ਕੱਟੜਵਾਦ ਨਾਲ ਖਤਰੇ 'ਤੇ ਧਿਆਨ ਕੇਂਦਰਿਤ ਕਰਨ ਲਈ ਆਲੋਚਨਾ ਦਾ ਸਾਹਮਣਾ ਕਰ ਰਹੀਆਂ ਹਨ। ਅਰਡਰਨ ਨੇ ਕਿਹਾ,''ਇਸ ਸਵਾਲ ਦਾ ਜਵਾਬ ਮਿਲਣਾ ਜ਼ਰੂਰੀ ਹੈ ਕੀ ਅਸੀਂ ਹੋਰ ਜਾਣ ਸਕਦੇ ਸੀ ਜਾਂ ਕੀ ਸਾਨੂੰ ਹੋਰ ਜਾਨਣਾ ਚਾਹੀਦਾ ਸੀ।'' 

ਅਰਡਰਨ ਨੇ ਭਾਵੇਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਮਸਜਿਦ ਵਿਚ ਹਮਲੇ ਦੇ ਕੁਝ ਹੀ ਦੇਰ ਬਾਅਦ ਗ੍ਰਿਫਤਾਰ ਕੀਤੇ ਗਏ 28 ਸਾਲਾ ਬ੍ਰੈਂਟਨ ਟਾਰੇਂਟ ਲਈ ਨਿਊਜ਼ੀਲੈਂਡ ਵਿਚ ਦੁਬਾਰਾ ਮੌਤ ਦੀ ਸਜ਼ਾ ਸ਼ੁਰੂ ਕੀਤੀ ਜਾਵੇਗੀ।