ਟਰੰਪ ਦੇ ਬਿਆਨ ਮਗਰੋਂ ਅਮਰੀਕੀ ਲੋਕ ਪੀਣ ਲੱਗ ਗਏ ਡਿਟੋਲ ਤੇ ਲਾਇਜ਼ੋਲ

04/25/2020 3:47:09 PM

ਨਿਊਯਾਰਕ- ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕ ਇਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਲਾਇਜ਼ੋਲ, ਡਿਟੋਲ ਵਰਗੇ ਕੀਟਨਾਸ਼ਕਾਂ ਨਾਲ ਕੀਟਾਣੂ ਮਰਦੇ ਹਨ ਤਾਂ ਇਸ ਦੀ ਵਰਤੋਂ ਮਰੀਜ਼ਾਂ ਨੂੰ ਟੀਕੇ ਲਾ ਕੇ ਕਰਨੀ ਚਾਹੀਦੀ ਹੈ। ਨਿਊਯਾਰਕ ਦੇ ਸਿਹਤ ਵਿਭਾਗ ਦੇ ਜ਼ਹਿਰ ਕੰਟਰੋਲ ਕੇਂਦਰ ਨੂੰ ਵੀਰਵਾਰ ਨੂੰ ਰਾਤ 9 ਵਜੇ ਤੋਂ ਸ਼ੁੱਕਰਵਾਰ ਸ਼ਾਮ 3 ਵਜੇ ਤੱਕ 30 ਲੋਕਾਂ ਨੇ ਫੋਨ ਕਰਕੇ ਕਿਹਾ ਕਿ ਉਨ੍ਹਾਂ ਨੇ ਕੀਟਨਾਸ਼ਕ ਦਵਾਈਆਂ ਨਿਗਲ ਲਈਆਂ ਹਨ। ਕੇਂਦਰ ਦੇ ਬੁਲਾਰੇ ਨੇ ਦੱਸਿਆ ਕਿ ਸ਼ੁਕਰ ਹੈ ਕਿ ਇਸ ਨਾਲ ਕਿਸੇ ਦੀ ਮੌਤ ਨਹੀਂ ਹੋਈ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਜ਼ਰੂਰਤ ਨਹੀਂ ਪਈ। 

ਅੰਕੜਿਆਂ ਮੁਤਾਬਕ ਪਿਛਲੇ ਸਾਲ ਇਸ ਸਮੇਂ ਤੱਕ ਜ਼ਹਿਰ ਖਾਣ ਦੇ ਸਿਰਫ 13 ਮਾਮਲੇ ਸਾਹਮਣੇ ਆਏ ਸਨ। ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ 9 ਲੋਕਾਂ ਨੇ ਲਾਇਜ਼ੋਲ ਪੀ ਲਈ। ਇਸ ਦੇ ਇਲਾਵਾ 10 ਮਾਮਲੇ ਬਲੀਚਿੰਗ ਪਾਊਡਰ ਅਤੇ 11 ਹੋਰ ਕੀਟਨਾਸ਼ਕ ਪਦਾਰਥ ਖਾਣ ਦੇ ਆਏ ਹਨ। ਓਧਰ, ਆਪਣੀਆਂ ਅਜੀਬੋ-ਗਰੀਬ ਸਲਾਹਾਂ ਲਈ ਹੋ ਰਹੀ ਆਲੋਚਨਾ ਤੋਂ ਬਚਣ ਲਈ ਟਰੰਪ ਨੇ ਆਪਣੇ ਬਿਆਨ 'ਤੇ ਸਫਾਈ ਦਿੱਤੀ ਹੈ। 

ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਜਦ ਡਾਕਟਰਾਂ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਸੰਭਾਵਿਤ ਇਲਾਜ ਲਈ ਸਰੀਰ ਵਿਚ ਟੀਕੇ ਨਾਲ ਕੀਟਨਾਸ਼ਕ ਪਹੁੰਚਾਉਣ ਜਾਂ ਪਰਾਬੈਂਗਣੀ ਕਿਰਨਾਂ ਦੇ ਤਾਪ ਦੀ ਵਰਤੋਂ 'ਤੇ ਵਿਚਾਰ ਕਰਨ ਲਈ ਕਿਹਾ ਸੀ ਤਾਂ ਇਹ ਅਸਲ ਵਿਚ ਵਿਅੰਗ ਵਿਚ ਕਿਹਾ ਸੀ। ਉਨ੍ਹਾਂ ਨੇ ਇਹ ਸਲਾਹ ਮਜ਼ਾਕ ਵਜੋਂ ਦਿੱਤੀ ਸੀ। ਹੁਣ ਸਿਹਤ ਮਾਹਰਾਂ ਨੇ ਲੋਕਾਂ ਨੂੰ ਰਾਸ਼ਟਰਪਤੀ ਦੀਆਂ ਖਤਰਨਾਕ ਸਲਾਹਾਂ ਨਾ ਮੰਨਣ ਦੀ ਅਪੀਲ ਵੀ ਕੀਤੀ ਹੈ। ਲਾਇਜ਼ੋਲ ਤੇ ਡਿਟੋਲ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਹਾ ਕਿ ਕੀਟਨਾਸ਼ਕ ਬਹੁਤ ਖਤਰਨਾਕ ਹਨ, ਇਸ ਲਈ ਲੋਕ ਅਜਿਹਾ ਕੋਈ ਕਦਮ ਨਾ ਚੁੱਕਣ।

Lalita Mam

This news is Content Editor Lalita Mam