ਅਮਰੀਕਾ : ਕਾਲਜ ਦੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਭਾਰਤੀ ਨੂੰ ਮਿਲੀ ਸਜ਼ਾ

08/14/2019 10:51:19 AM

ਨਿਊਯਾਰਕ— ਅਮਰੀਕਾ ਦੇ ਨਿਊਯਾਰਕ 'ਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਇਕ ਕਾਲਜ 'ਚ ਕੰਪਿਊਟਰਾਂ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ 'ਚ 12 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਰਿਹਾਅ ਹੋਣ ਦੇ ਇਕ ਸਾਲ ਬਾਅਦ ਤਕ ਉਸ ਨੂੰ ਨਿਗਰਾਨੀ 'ਚ ਰੱਖਿਆ ਜਾਵੇਗਾ। ਅਮਰੀਕਾ ਦੇ ਅਟਾਰਨੀ ਜਨਰਲ ਗ੍ਰਾਂਟ ਸੀ ਜੈਕਵਿਥ ਨੇ ਮੰਗਲਵਾਰ ਨੂੰ ਦੱਸਿਆ ਕਿ ਵਿਸ਼ਵਨਾਥ ਅਕੁਥੋਟਾ (27) ਨੂੰ ਨੁਕਸਾਨ ਪੂਰਤੀ ਦੇ ਤੌਰ 'ਤੇ 58,471 ਡਾਲਰ ਦੇਣ ਦਾ ਹੁਕਮ ਦਿੱਤਾ ਗਿਆ ਹੈ। 

ਅਕੁਥੋਟਾ ਨੇ 14 ਫਰਵਰੀ ਨੂੰ ਆਪਣਾ ਦੋਸ਼ ਸਵਿਕਾਰ ਕਰਦੇ ਹੋਏ ਕਿਹਾ ਕਿ ਉਸ ਨੇ ਅਲਬਾਨੇ 'ਚ 'ਕਾਲਜ ਆਫ ਸੈਂਟ ਰੋਜ' 'ਚ 66 ਕੰਪਿਊਟਰਾਂ 'ਚੋਂ ਇਕ 'ਯੂ. ਐੱਸ. ਬੀ. ਕਿਲਰ' ਯੰਤਰ ਲਗਾਇਆ ਸੀ। ਇਸ ਯੰਤਰ ਕਾਰਨ ਕੰਪਿਊਟਰ ਪ੍ਰਣਾਲੀ ਨੂੰ ਨੁਕਸਾਨ ਪੁੱਜਾ ਸੀ। ਅਕੁਥੋਟਾ 22 ਫਰਵਰੀ ਨੂੰ ਉੱਤਰੀ ਕੈਰੋਲੀਨਾ 'ਚ ਹਿਰਾਸਤ 'ਚ ਲਿਆ ਗਿਆ ਸੀ।