ਨਿਊਯਾਰਕ ''ਚ ਹਾਲਾਤ ਹੋਏ ਚਿੰਤਾਜਨਕ, ਲਗਾਤਾਰ ਤੀਜੇ ਦਿਨ ਮੌਤਾਂ ਦੀ ਸੁਨਾਮੀ

04/10/2020 12:41:30 AM

ਨਿਊਯਾਰਕ : ਨਿਊਯਾਰਕ ਸੂਬੇ ਭਰ ਵਿਚ ਕੋਰੋਨਾ ਵਾਇਰਸ ਕਾਰਨ ਲਗਾਤਾਰ ਤੀਜੇ ਦਿਨ ਰਿਕਾਰਡ 799 ਮੌਤਾਂ ਦਰਜ ਹੋਈਆਂ ਹਨ। ਗਵਰਨਰ ਐਂਡਰੀਊ ਕੁਓਮੋ ਨੇ ਕਿਹਾ, "ਅਸੀਂ ਇਕ ਲੜਾਈ ਲੜ ਰਹੇ ਹਾਂ ਜਦ ਕਿ ਇਹ ਯੁੱਧ ਹੈ।" ਕੁਓਮੋ ਨੇ ਕਿਹਾ ਕਿ ਉਹ ਹੋਰ ਅੰਤਿਮ ਸੰਸਕਾਰ ਡਾਇਰੈਕਟਰਾਂ ਦਾ ਪ੍ਰਬੰਧ ਕਰ ਰਹੇ ਹਨ ਕਿਉਂਕਿ ਸੂਬੇ ਵਿਚ ਮੌਤਾਂ ਦੀ ਗਿਣਤੀ ਕਾਫੀ ਵੱਧ ਗਈ ਹੈ। 

 

ਨਿਊਯਾਰਕ ਸੂਬਾ USA ਵਿਚ ਸਭ ਤੋਂ ਵੱਧ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਸੂਬੇ ਵਿਚ 1.50 ਲੱਖ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਦੋਂ ਕਿ ਇਕੱਲੇ ਨਿਊਯਾਰਕ ਸ਼ਹਿਰ ਵਿਚ 81,800 ਮਾਮਲੇ ਹਨ। 
ਬੀਤੇ 24 ਘੰਟੇ ਵਿਚ 799 ਮੌਤਾਂ ਹੋਣ ਨਾਲ ਕੁੱਲ ਮਿਲਾ ਕੇ ਹੁਣ ਤੱਕ 7,067 ਲੋਕ ਨਿਊਯਾਰਕ ਸੂਬੇ ਵਿਚ ਮਰ ਚੁੱਕੇ ਹਨ। ਗਵਰਨਰ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਇਹ ਹੀ ਰੁਝਾਨ ਰਿਹਾ ਤਾਂ ਮਰੀਜ਼ਾਂ ਲਈ ਹਸਪਤਾਲਾਂ ਵਿਚ ਜਗ੍ਹਾ ਤੇ ਵੈਂਟੀਲੇਟਰ ਘੱਟ ਪੈ ਸਕਦੇ ਹਨ। ਸੂਬੇ ਵਿਚ 18,279 ਲੋਕ ਹਸਪਤਾਲ ਵਿਚ ਭਰਤੀ ਹਨ। 4,925 ਲੋਕ ਗੰਭੀਰ ਦੇਖਭਾਲ ਵਿਚ ਹਨ। ਕੁਓਮੋ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਾਲੇ ਤੇ ਹਿਸਪੈਨਿਕ ਕਮਿਊਨਿਟੀ ਦੇ ਲੋਕ ਨਿਊਯਾਰਕ ਵਿਚ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਵਧੇਰੇ ਟੈਸਟਿੰਗ ਕੀਤੀ ਜਾਵੇਗੀ। ਕੁਓਮੋ ਨੇ ਇਹ ਵੀ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਤੇ ਹੋਰ ਪਾਬੰਦੀਆਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਜਾਨ ਲਈ ਇਨ੍ਹਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ।


Sanjeev

Content Editor

Related News