ਨਿਊਯਾਰਕ : ਅਫਗਾਨਿਸਤਾਨ ’ਚ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਸਬੰਧੀ UNO ਦਫਤਰ ਮੂਹਰੇ ਵਿਰੋਧ ਪ੍ਰਦਰਸ਼ਨ

09/27/2021 9:46:15 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਕਬਜ਼ੇ ਤੋਂ ਬਾਅਦ ਉੱਥੇ ਮਨੁੱਖੀ ਅਤੇ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਸਬੰਧ ’ਚ ਸੈਂਕੜੇ ਔਰਤਾਂ ਨੇ ਨਿਊਯਾਰਕ ’ਚ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ (ਯੂ. ਐੱਨ. ਓ.) ਦੇ ਮੁੱਖ ਦਫਤਰ ਦੇ ਬਾਹਰ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ’ਚ ਅਮਰੀਕਾ ਰਹਿਣ ਵਾਲੀਆਂ ਅਫ਼ਗਾਨੀ ਮੂਲ ਦੀਆਂ ਔਰਤਾਂ ਵੱਡੀ ਗਿਣਤੀ ’ਚ ਮੌਜੂਦ ਸਨ। ਮੁਜ਼ਾਹਰੇ ’ਚ ਮੌਜੂਦ ਔਰਤਾਂ ਅਨੁਸਾਰ ਔਰਤਾਂ ਅੱਧੀ ਦੁਨੀਆ ਬਣਾਉਂਦੀਆਂ ਹਨ, ਇਸ ਲਈ ਜਦੋਂ ਉਨ੍ਹਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾਂਦਾ ਹੈ ਤਾਂ ਇਸ ਦੇ ਨਤੀਜੇ ਗੰਭੀਰ ਹੁੰਦੇ ਹਨ।

ਇਨ੍ਹਾਂ ਔਰਤਾਂ ਨੇ ਕਿਹਾ ਕਿ ਯੂਨਾਈਟਿਡ ਨੇਸ਼ਨਜ਼ ਨੂੰ ਉਨ੍ਹਾਂ ਸੀਮਾਵਾਂ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ, ਜੋ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਲੋਕਾਂ ਖਾਸ ਕਰਕੇ ਔਰਤਾਂ ’ਤੇ ਲਗਾਈਆਂ ਹਨ। ਤਾਲਿਬਾਨ ਦੇ ਕਬਜ਼ੇ ਕਾਰਨ ਅਫ਼ਗਾਨਿਸਤਾਨ ’ਚ ਵੱਖ-ਵੱਖ ਕਾਰਕੁਨਾਂ ਅਤੇ ਔਰਤਾਂ ਨੇ ਕਿਹਾ ਹੈ ਕਿ ਉਹ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ’ਚ ਅਸਮਰੱਥ ਹਨ। ਉਨ੍ਹਾਂ ਨੇ ਸਿੱਖਿਆ ਅਤੇ ਕੰਮ ਕਰਨ ਦਾ ਆਪਣਾ ਅਧਿਕਾਰ ਗੁਆ ਦਿੱਤਾ ਹੈ। ਆਪਣੇ ਆਪ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਅਖਵਾਉਣ ਵਾਲੀ ਇਸ ਤਾਲਿਬਾਨ ਸਰਕਾਰ ਨੂੰ ਸਾਨੂੰ ਸਾਡੇ ਅਧਿਕਾਰ ਦੇਣੇ ਚਾਹੀਦੇ ਹਨ।

Manoj

This news is Content Editor Manoj