ਬਰਤਾਨੀਆ ਦੇ ਗੁਰਦੁਆਰਿਆਂ ''ਚ ਸਿੱਖ ਸੰਗਤ ਦੇ ਜੈਕਾਰਿਆਂ ਦੀ ਗੂੰਜ ''ਚ ਚੜ੍ਹਿਆ ਨਵਾਂ ਸਾਲ

01/01/2020 5:47:00 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ, ਸਕਾਟਲੈਂਡ ਤੇ ਵੇਲਜ਼ ਦੇ ਗੁਰੂਘਰਾਂ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਵਾਲੇ ਸਮਾਗਮ ਜੋਸ਼ੋ-ਖਰੋਸ਼ ਨਾਲ ਕਰਵਾਏ ਗਏ। ਸਿੱਖ ਸੰਗਤਾਂ ਵਲੋਂ 31 ਦਸੰਬਰ 2019 ਦੀ ਸ਼ਾਮ ਵੇਲੇ ਤੋਂ ਲੈ ਕੇ 2020 ਦੀ ਸਵੇਰ ਤੱਕ ਗੁਰਬਾਣੀ ਕੀਰਤਨ ਦੀ ਛਾਂ ਹੇਠ ਨਵੇਂ ਸਾਲ ਨੂੰ ਜੀ ਆਇਆਂ ਆਖਿਆ।

ਜਿੱਥੇ ਲੰਡਨ, ਬਰਮਿੰਘਮ, ਲੈਸਟਰ, ਮਾਨਚੈਸਟਰ, ਲੀਡਜ਼ ਬਰੈਡਫੋਰਡ, ਲਿਵਰਪੂਲ, ਵਾਰਿੰਗਟਨ, ਲੂਟਨ, ਵੁਲਵਰਹੈਂਪਟਨ, ਕਾਵੈਂਟਰੀ, ਡਰਬੀ, ਸਮੈਦਿਕ, ਸਲੌਅ, ਸਾਊਥਾਲ, ਹੇਜ ਸਮੇਤ ਸਮੁੱਚੇ ਇੰਗਲੈਂਡ ਭਰ ਦੇ ਗੁਰੂਘਰਾਂ ਵਿਚ ਸਿੱਖ ਸੰਗਤਾਂ ਦੀ ਆਮਦ ਬਣੀ ਰਹੀ। ਉਥੇ ਸਕਾਟਲੈਂਡ ਦੇ ਸ਼ਹਿਰ ਗਲਾਸਗੋ, ਐਡਿਨਬਰਾ, ਡੰਡੀ, ਇਰਵਿਨ ਸਥਿਤ ਗੁਰੂਘਰਾਂ ਵਿਚ ਵੀ ਹਜ਼ਾਰਾਂ ਦੀ ਤਾਦਾਦ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਗਲਾਸਗੋ ਦੇ ਸੈਂਟਰਲ ਸਿੰਘ ਸਭਾ, ਗੁਰੂ ਗ੍ਰੰਥ ਸਾਹਿਬ ਗੁਰਦੁਆਰਾ, ਗੁਰੂ ਨਾਨਕ ਸਿੱਖ ਟੈਂਪਲ ਵਿਖੇ ਵੀ ਸ਼ਾਮ ਤੋਂ ਲੈ ਕੇ ਸਵੇਰ ਤੱਕ ਗੁਰਬਾਣੀ ਕੀਰਤਨ ਦਾ ਨਿਰੰਤਰ ਪ੍ਰਵਾਹ ਚੱਲਿਆ। ਜਿਸ ਦੌਰਾਨ ਵੱਖ-ਵੱਖ ਕੀਰਤਨੀ ਜਥਿਆਂ ਨੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਦੌਰਾਨ ਪ੍ਰਧਾਨ ਲਭਾਇਆ ਸਿੰਘ ਮਹਿਮੀ, ਦਲਜੀਤ ਸਿੰਘ ਦਿਲਬਰ, ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਨਿਰੰਜਨ ਸਿੰਘ ਬਿਨਿੰਗ, ਗੁਰਨਾਮ ਸਿੰਘ ਧਾਮੀ, ਡਾ: ਇੰਦਰਜੀਤ ਸਿੰਘ, ਮੇਲਾ ਸਿੰਘ ਧਾਮੀ, ਬਲਦੇਵ ਸਿੰਘ ਪੱਡਾ, ਜਸਪਾਲ ਸਿੰਘ ਖਹਿਰਾ, ਪਰਮਜੀਤ ਸਿੰਘ ਖਹਿਰਾ, ਪ੍ਰਧਾਨ ਭੁਪਿੰਦਰ ਸਿੰਘ ਬਰਮੀਂ, ਸੋਹਨ ਸਿੰਘ ਸੋਂਦ ਨੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਪੇਸ਼ ਕਰਦਿਆਂ ਗੁਰਬਾਣੀ ਨਾਲ ਜੁੜਨ ਦੀ ਬੇਨਤੀ ਕੀਤੀ ਤਾਂ ਜੋ ਆਪਣੇ ਬੱਚਿਆਂ ਨੂੰ ਅਮੀਰ ਸਿੱਖ ਵਿਰਸੇ ਨਾਲ ਜੋੜਿਆ ਜਾ ਸਕੇ। ਜਿਉਂ ਹੀ ਘੜੀਆਂ ਦੀ ਨਿੱਕੀ ਤੇ ਵੱਡੀ ਸੂਈ ਦਾ ਸੁਮੇਲ ਹੋਇਆ ਤਾਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਨਵੇਂ ਸਾਲ ਨੂੰ ਜੀ ਆਇਆਂ ਕਿਹਾ।

Baljit Singh

This news is Content Editor Baljit Singh