ਕਦੇ ਕੈਨੇਡਾ ਦੀ ਸ਼ਾਨ ਬਣਿਆ ਸੀ ਇਹ ਪੰਜਾਬੀ ਪਰ ਸ਼ਰਮਨਾਕ ਕਰਤੂਤ ਕਾਰਨ ਝੁਕਾ ਦਿੱਤਾ ਪੰਜਾਬ ਦਾ ਨਾਂ

08/03/2017 2:47:57 PM

ਨਿਊ ਵੈੱਸਟਮਿਨੀਸਟਰ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈੱਸਟਮਿਨੀਸਟਰ ਦੀ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਕ ਪੰਜਾਬੀ ਮੂਲ ਦੇ ਕੈਨੇਡੀਅਨ ਪੁਲਸ ਅਧਿਕਾਰੀ ਨੂੰ ਹਿਰਾਸਤ 'ਚ ਲਿਆ ਹੈ। ਇਸ 'ਤੇ ਇਕ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ, ਇਹ ਜ਼ੁਰਮ ਇਸ ਨੇ 2005 'ਚ ਵਿਕਟੋਰੀਆ 'ਚ ਕੀਤਾ ਸੀ, ਜੋ ਹੁਣ ਸਾਬਤ ਹੋ ਗਿਆ ਹੈ। ਕਾਨਸਟੇਬਲ ਸੁਖਵਿੰਦਰ ਦੁਸਾਂਝ (ਵਿੰਨੀ) ਨੂੰ ਮੰਗਲਵਾਰ ਨੂੰ ਵਿਕਟੋਰੀਆ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਨਿਊ ਵੈੱਸਟਮਿਨੀਸਟਰ ਦੇ ਪੁਲਸ ਵਿਭਾਗ 'ਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਐਕਟ ਮੁਤਾਬਕ ਉਸ ਨੂੰ ਪੁੱਛ-ਪੜਤਾਲ 'ਚ ਜਵਾਬ ਦੇਣਾ ਪਵੇਗਾ। 


ਕਦੇ ਇਹ ਪੰਜਾਬੀ ਕੈਨੇਡਾ ਦੀ ਸ਼ਾਨ ਬਣਿਆ ਸੀ ਅਤੇ ਕੈਨੇਡਾ ਨੇ ਇਸ ਨੂੰ 2007 'ਚ ਚੰਗੀ ਡਿਊਟੀ ਕਰਨ ਕਾਰਨ ਸਨਮਾਨ ਵੀ ਦਿੱਤਾ ਸੀ। ਉਸ ਨੇ ਅਪਰਾਧਕ ਮਾਮਲਿਆਂ ਸੰਬੰਧੀ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਸੀ। 2004 ਤਕ ਉਹ ਨਿਊ ਵੈੱਸਮਿਨੀਸਟਰ ਪੁਲਸ ਦਾ ਹਿੱਸਾ ਬਣਿਆ ਅਤੇ ਪਰੋਬੇਸ਼ਨ ਅਧਿਕਾਰੀ ਦੇ ਤੌਰ 'ਤੇ ਕੰਮ ਕਰਦਾ ਰਿਹਾ।
ਨਿਊ ਵੈੱਸਟਮਿਨੀਸਟਰ ਪੁਲਸ ਬੋਰਡ ਨੇ ਦੁਸਾਂਝ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਇਹ ਕਿਸੇ ਮੁਸੀਬਤ 'ਚ ਫਸਿਆ ਹੋਵੇ, ਇਸ ਤੋਂ ਪਹਿਲਾਂ ਵੀ ਜੁਲਾਈ 2008 'ਚ ਇਸ ਨੂੰ ਸਸਪੈਂਡ ਕੀਤਾ ਗਿਆ ਸੀ। ਲਗਭਗ ਸਾਢੇ ਤਿੰਨ ਸਾਲਾਂ ਤਕ ਇਹ ਸਸਪੈਂਡ ਰਿਹਾ ਸੀ। ਇਸ ਮਗਰੋਂ 2012 'ਚ ਜਦ ਉਹ ਵਾਪਸ ਡਿਊਟੀ 'ਤੇ ਆਇਆ ਤਾਂ ਉਸ ਦਾ ਰੈਂਕ ਵੀ ਘਟਾ ਦਿੱਤਾ ਗਿਆ। 17 ਅਗਸਤ ਨੂੰ ਦੁਪਹਿਰ 2 ਵਜੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।