ਨਿਊ ਸਾਊਥ ਵੇਲਜ਼ ''ਚ ਕੋਰੋਨਾ ਦੇ ਨਵੇਂ ਮਾਮਲੇ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ

12/29/2020 6:01:46 PM

ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 6 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ 3 ਸਿੱਧੇ ਤੌਰ 'ਤੇ ਸਿਡਨੀ ਦੇ ਉਤਰੀ ਬੀਚਾਂ ਨਾਲ ਸਬੰਧਤ ਹਨ। ਜਾਣਕਾਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਅੰਦਰ ਇਸੇ ਸਮੇਂ ਦੌਰਾਨ 16,000 ਤੋਂ ਵੀ ਜ਼ਿਆਦਾ ਲੋਕਾਂ ਨੇ ਆਪਣੇ ਕੋਰੋਨਾ ਟੈਸਟ ਕਰਵਾਏ ਹਨ। ਨਵੇਂ ਮਿਲੇ 3 ਮਾਮਲੇ ਐਵਲਨ ਕਲਸਟਰ ਨਾਲ ਸਬੰਧਤ ਹਨ ਅਤੇ ਸਾਰਿਆਂ ਨੂੰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਦੂਸਰੇ ਤਿੰਨ ਮਾਮਲੇ ਜਿਨ੍ਹਾਂ ਵਿਚੋਂ ਇੱਕ ਵੂਲੂਨਗੌਂਗ ਤੋਂ ਵੀ ਹੈ, ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਦੇ ਮੁੱਖ ਸਰੋਤਾਂ ਦਾ ਪਤਾ ਲਗਾ ਲਿਆ ਜਾਵੇਗਾ। 

 

ਵੂਲੂਨਗੌਂਗ ਵਾਲੇ ਮਾਮਲੇ ਵਿਚ ਉਕਤ ਵਿਅਕਤੀ ਸਿਡਨੀ ਜ਼ਰੂਰ ਗਿਆ ਸੀ ਪਰ ਉਤਰੀ ਬੀਚਾਂ ਨਾਲ ਇਸ ਦਾ ਸਬੰਧ ਸਥਾਪਿਤ ਨਹੀਂ ਹੋਇਆ। ਐਵਲਨ ਕਲਸਟਰ ਨਾਲ ਸਬੰਧਤ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਹੁਣ 129 ਤੱਕ ਪਹੁੰਚ ਗਈ ਹੈ। ਪ੍ਰੀਮੀਅਰ ਨੇ ਗ੍ਰੇਟਰ ਸਿਡਨੀ ਦੇ ਖੇਤਰ ਵਿਚਲੇ ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਵੀ ਇਸ ਬਾਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੇਟਰ ਸਿਡਨੀ ਅਤੇ ਗ੍ਰੇਟਰ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਤਾਕੀਦ ਹੈ ਕਿ ਉਹ ਪੂਰਨ ਤੌਰ 'ਤੇ ਸਾਵਧਾਨੀ ਵਰਤਣ ਅਤੇ ਕੋਰੋਨਾ ਦੇ ਨਿਯਮਾਂ ਆਦਿ ਦੀ ਚੰਗੀ ਤਰ੍ਹਾਂ ਪਾਲਣਾ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿਚ ਰਹਿ ਰਹੇ ਲੋਕਾਂ ਨੂੰ ਭਾਵੇਂ ਥੋੜ੍ਹੇ ਜਿਹੇ ਵੀ ਅਜਿਹੇ ਕੋਈ ਲੱਛਣ ਦਿਖਾਈ ਦੇਣ ਜਾਂ ਮਹਿਸੂਸ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਮੈਡੀਕਲ ਸਹਾਇਤਾ ਅਤੇ ਟੈਸਟਾਂ ਲਈ ਸਿਹਤ ਅਧਿਕਾਰੀਆਂ ਨਾਲ ਸੰਪਰਕ ਕਰਨ। 

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਸਲਾਨਾ 1000 ਘੱਟ ਗਿਣਤੀ ਕੁੜੀਆਂ ਨੂੰ ਜ਼ਬਰੀ ਕਬੂਲ ਕਰਵਾਇਆ ਜਾਂਦਾ ਹੈ ਇਸਲਾਮ ਧਰਮ

ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਵੀ ਇਸ ਅਪੀਲ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਜ਼ਿਆਦਾ ਗਿਣਤੀ ਵਿਚ ਅੱਗੇ ਆ ਕੇ ਆਪਣੇ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਅਸੀਂ 16,000 ਲੋਕਾਂ ਦੇ ਟੈਸਟ ਕੀਤੇ ਹਨ ਅਤੇ ਉਮੀਦ ਹੈ ਕਿ ਇਹ ਗਿਣਤੀ ਜਲਦੀ ਹੀ 20,000 ਤੋਂ 30,000 ਤੱਕ ਪਹੁੰਚ ਜਾਵੇਗੀ। ਇੱਥੇ  ਦੱਸ ਦਈਏ ਕਿ ਆਸਟ੍ਰੇਲੀਆ  ਭਰ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ  28,348 ਮਾਮਲੇ ਸਾਹਮਣੇ ਆ ਚੁੱਕੇ ਹਨਜਦਕਿ 909 ਲੋਕਾਂ ਦੀ ਮੌਤ  ਹੋ ਚੁੱਕੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana