ਨਿਊ ਸਾਊਥ ਵੇਲਜ਼ ''ਚ ਕੋਰੋਨਾ ਦੇ 5 ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ

01/12/2021 6:00:48 PM

ਸਿਡਨੀ (ਬਿਊਰੋ): ਨਿਊ ਸਾਊਥ ਵੇਲਜ਼ ਵਿਚ ਪਿਛਲੇ 24 ਘੰਟਿਆਂ ਵਿਚ ਸਥਾਨਕ ਤੌਰ 'ਤੇ ਕੋਵਿਡ-19 ਦੇ ਪੰਜ ਨਵੇਂ ਕੇਸ ਦਰਜ ਕੀਤੇ ਗਏ ਹਨ। ਨਵੇਂ ਮਾਮਲਿਆਂ ਵਿਚੋਂ ਚਾਰ ਜਾਂਚ ਅਧੀਨ ਹਨ। ਪ੍ਰੀਮੀਅਰ ਗਲੇਡਜ਼ ਬੇਰੇਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਸਿਡਨੀ ਦੇ ਉਤਰੀ ਬੀਚਾਂ ਵਾਲੇ ਕਲਸਟਰ ਵਿਚਲੇ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧਿਆ ਹੈ ਅਤੇ ਕੋਰੋਨਾ ਦੇ 5 ਨਵੇਂ ਮਾਮਲੇ ਦਰਜ ਹੋਣ ਨਾਲ ਕੁੱਲ ਨਵੇਂ ਮਾਮਲਿਆਂ ਦੀ ਗਿਣਤੀ 11 ਹੋ ਗਈ ਹੈ। ਇਨ੍ਹਾਂ ਵਿਚੋਂ ਇੱਕ ਮਰੀਜ਼ ਆਈ.ਸੀ.ਯੂ. ਵਿਚ ਵੀ ਜ਼ੇਰੇ ਇਲਾਜ ਹੈ। 

 

ਇਨ੍ਹਾਂ ਨਵੇਂ ਮਾਮਲਿਆਂ ਵਿਚ ਇੱਕ ਮਾਮਲਾ ਉਸ ਵਿਅਕਤੀ ਦਾ ਵੀ ਹੈ ਜੋ ਕਿ ਮਾਊਂਟ ਡਰੂਟ ਹਸਪਤਾਲ ਵਿਚ ਇਲਾਜ ਲਈ ਗਿਆ ਸੀ ਅਤੇ ਇਸ ਦੇ ਨਾਲ ਹੀ ਇੱਕ ਮਾਮਲਾ ਉਸ ਦੀ ਪਾਰਟਨਰ ਦਾ ਵੀ ਹੈ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਬੀਤੇ ਕੱਲ੍ਹ, ਸੋਮਵਾਰ ਨੂੰ ਸਿਰਫ 14,700 ਹੀ ਕੋਰੋਨਾ ਟੈਸਟ ਕੀਤੇ ਗਏ। ਉਨ੍ਹਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਟੈਸਟ ਨਾ-ਕਾਫ਼ੀ ਹਨ। ਲੋਕਾਂ ਨੂੰ ਵੱਡੀ ਗਿਣਤੀ ਵਿਚ ਆਪਣੇ ਕੋਰੋਨਾ ਟੈਸਟ ਕਰਵਾਉਣੇ ਚਾਹੀਦੇ ਹਨ ਕਿਉਂਕਿ ਇਹ ਸਮੁੱਚੀ ਜਨਤਕ ਸਿਹਤ ਦਾ ਮਾਮਲਾ ਹੈ ਅਤੇ ਇਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਰਾਜ ਦੇ ਸਿਹਤ ਅਧਿਕਾਰੀ ਹੁਣ ਲੋਕਾਂ ਨੂੰ ਥੋੜ੍ਹੇ ਥੋੜ੍ਹੇ ਲੱਛਣਾਂ -ਜਿਵੇਂ ਕਿ ਨੱਕ ਦਾ ਵਗਣਾ ਜਾਂ ਗਲੇ ਵਿਚ ਖਰਾਸ਼ ਹੋਣ 'ਤੇ ਵੀ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਦੇ ਅਤੇ ਲਗਾਤਾਰ ਅਪੀਲ ਕਰਦੇ ਦਿਖਾਈ ਦੇ ਰਹੇ ਹਨ। 

ਉੱਧਰ ਕੁਈਨਜ਼ਲੈਂਡ ਰਾਜ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਬੀਤੇ 24 ਘੰਟਿਆਂ ਦੌਰਾਨ ਰਾਜ ਵਿਚ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਕੋਰੋਨਾ ਦੇ ਨਵੇਂ ਸਟ੍ਰੇਨ, ਯੂ.ਕੇ. ਵੇਰੀਐਂਟ ਦੇ ਬ੍ਰਿਸਬੇਨ ਵਿਚ ਮੌਜੂਦ ਹੋਣ ਦੀਆਂ ਸੰਭਾਵਨਾਵਾਂ ਪੂਰਨ ਰੂਪ ਵਿਚ ਸਥਾਪਿਤ ਹਨ। ਬੀਤੇ ਪੰਜ ਦਿਨਾਂ ਵਿਚ ਜਿਹੜਾ ਨਵਾਂ ਸਥਾਨਕ ਕੋਰੋਨਾ ਦਾ ਮਾਮਲਾ ਦਰਜ ਹੋਇਆ ਹੈ ਉਹ ਪਹਿਲਾਂ ਤੋਂ ਹੀ ਦਰਜ ਇਕਾਂਤਵਾਸ ਵਾਲੇ ਹੋਟਲ ਦੇ ਕਲੀਨਰ ਦੇ ਪਾਰਟਨਰ ਦਾ ਹੀ ਹੈ। ਉਕਤ ਵਿਅਕਤੀ ਦੇ ਦੋ ਥਾਂਵਾਂ 'ਤੇ ਜਾਣ ਦੀ ਸੰਭਾਵਨਾ ਕਾਰਨ – 5 ਜਨਵਰੀ ਨੂੰ, ਬਨਿੰਗਜ਼ ਵੇਅਰਹਾਊਸ ਅਕਾਸੀਆ ਰਿਝ (ਦੁਪਹਿਰ 2:00 ਵਜੇ ਤੋਂ 2:15 ਤੱਕ) ਅਤੇ 6 ਜਨਵਰੀ ਨੂੰ ਸਨੀਬੈਂਕ ਸੈਲਰਜ਼ ਦੁਪਹਿਰ 2:05 ਤੋਂ 2:15 ਤੱਕ ਦੇ ਸਥਾਨਾਂ 'ਤੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਉਪਰੋਕਤ ਸਮਾਂ ਸੂਚੀ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਸਥਾਨਾਂ 'ਤੇ ਗਿਆ ਹੈ ਤਾਂ ਉਸ ਨੂ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਕਿਊਬਾ ਨੂੰ ਅੱਤਵਾਦ ਪ੍ਰਾਯੋਜਿਤ ਦੇਸ਼ਾਂ ਦੀ ਸੂਚੀ 'ਚ ਮੁੜ ਕੀਤਾ ਸ਼ਾਮਲ

ਡਾ. ਯੰਗ ਨੇ ਵਿਕਟੋਰੀਆ ਤੋਂ ਪਰਤਣ ਵਾਲੇ ਯਾਤਰੀਆਂ ਲਈ ਵੀ ਇੱਕ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਕੋਰੋਨਾ ਟੈਸਟ ਤਾਂ ਹੀ ਜ਼ਰੂਰੀ ਹੈ ਜੇਕਰ ਉਹ ਕਿਸੇ ਪ੍ਰਕਾਰ ਦੇ ਲੱਛਣ ਮਹਿਸੂਸ ਕਰਨ। ਜ਼ਿਕਰਯੋਗ ਹੈ ਕਿ ਵਿਕਟੋਰੀਆ ਵਿਚ ਵੀ ਅੱਜ ਲਗਾਤਾਰ ਛੇਵਾਂ ਦਿਨ ਹੈ ਕਿ ਇੱਥੇ ਕੋਈ ਸਥਾਨਕ ਮਾਮਲਾ ਦਰਜ ਨਹੀਂ ਹੋਇਆ। ਖੇਤਰਾਂ ਦੀ ਵੰਡ ਅਨੁਸਾਰ, ਖੇਤਰੀ ਨਿਊ ਸਾਉਥ ਵੇਲਜ਼ ਨੂੰ ਓਰੈਂਜ਼ ਜ਼ੋਨ ਵਿਚ ਰੱਖਿਆ ਗਿਆ ਹੈ ਜਦੋਂ ਕਿ ਗ੍ਰੇਟਰ ਸਿਡਨੀ ਅਤੇ ਗ੍ਰੇਟਰ ਬ੍ਰਿਸਬੇਨ ਨੂੰ ਹਾਲ ਦੀ ਘੜੀ ਰੈਡ ਜ਼ੋਨ ਵਿਚ ਰੱਖਿਆ ਗਿਆ ਹੈ।ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਭਰ ਵਿਚ ਕੋਰੋਨਾ ਦੇ ਕੁੱਲ ਮਾਮਲੇ 28,633 ਦਰਜ ਕੀਤੇ ਗਏ ਹਨ ਜਦਕਿ 909 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana