ਇਟਲੀ ਸਰਕਾਰ ਦਾ ਨਵਾਂ ਫਰਮਾਨ, ਰਾਤ 9 ਵਜੇ ਬੰਦ ਹੋਵੇਗੀ ਹਰ ਵਿਦੇਸ਼ੀ ਛੋਟੀ ਦੁਕਾਨ

10/17/2018 11:00:33 AM

ਰੋਮ/ਇਟਲੀ (ਕੈਂਥ)— ਇਟਲੀ ਨੂੰ ਯੂਰਪ ਦਾ ਅਪਰਾਧ ਰਹਿਤ ਅਤੇ ਖੁਸ਼ਹਾਲ ਦੇਸ਼ ਬਣਾਉਣ ਲਈ ਇਟਲੀ ਦੀ ਨਵ-ਗਠਿਤ ਕੌਂਤੇ ਸਰਕਾਰ ਜੰਗੀ ਪੱਧਰ ਉੱਤੇ ਸਰਗਰਮ ਹੈ। ਜਿਸ ਤਹਿਤ ਕੇਂਦਰ ਦਾ ਪੂਰਾ ਮੰਤਰੀ ਮੰਡਲ ਇਟਲੀ ਦੀ ਉੱਨਤੀ ਲਈ ਦਿਨ-ਰਾਤ ਇਕ ਕਰ ਰਿਹਾ ਹੈ।ਸਰਕਾਰ ਦੇਸ਼ ਵਿਚ ਗੈਰ-ਕਾਨੂੰਨੀ ਗੌਰਖ ਧੰਦੇ ਨੂੰ ਨੱਥ ਪਾਉਣ ਲਈ ਬਹੁਤ ਹੀ ਸੰਜੀਦਾ ਹੋ ਕੇ ਸਖ਼ਤ ਫੈਸਲੇ ਲੈ ਰਹੀ ਹੈ। ਇਸੇ ਕਾਰਵਾਈ ਤਹਿਤ ਹਾਲ ਹੀ ਵਿਚ ਇਟਲੀ ਦੇ ਕੇਂਦਰੀ ਮੰਤਰੀ ਮਤੇਓ ਸਲਵੀਨੀ ਨੇ ਮੰਤਰੀ ਮੰਡਲ ਵਿਚ ਇਹ ਪ੍ਰਸਤਾਵ ਪੇਸ਼ ਕੀਤਾ ਹੈ ਕਿ ਇਟਲੀ ਭਰ ਵਿਚ “ਵਿਦੇਸ਼ੀ ਛੋਟੀਆਂ ਦੁਕਾਨਾਂ'' ਨੂੰ ਰੋਜ਼ਾਨਾ ਰਾਤ 9 ਵਜੇ ਤੱਕ ਬੰਦ ਕਰਨਾ ਹੋਵੇਗਾ ਕਿਉਂਕਿ ਕੇਂਦਰੀ ਮੰਤਰੀ ਸਲਵੀਨੀ ਅਨੁਸਾਰ ਦੇਸ਼ ਵਿਚ ਜੋ ਵੀ ਗੈਰ-ਕਾਨੁੰਨੀ ਨਸ਼ਿਆਂ ਦਾ ਕਾਰੋਬਾਰ ਪ੍ਰਫੁੱਲਤ ਹੋ ਰਿਹਾ ਹੈ ਉਸ ਨੂੰ ਚਲਾਉਣ ਵਾਲੇ ਨਸ਼ੇ ਦੇ ਸੌਦਾਗਰ ਜ਼ਿਆਦਾਤਰ ਦੇਰ ਰਾਤ ਇਹਨਾਂ ਦੁਕਾਨਾਂ ਉੱਪਰ ਹੀ ਸੌਦੇਬਾਜ਼ੀ ਕਰਦੇ ਹਨ।

ਸਲਵੀਨੀ ਦੇ ਇਸ ਬਿਆਨ ਨਾਲ ਇਟਲੀ ਭਰ ਦੇ ਵਿਦੇਸ਼ੀ ਦੁਕਾਨਦਾਰਾਂ ਵਿਚ ਖਲਬਲੀ ਮੱਚ ਗਈ ਹੈ।ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹਿਟਲਰ ਵਾਂਗ ਕੰਮ ਕਰਨ ਵਾਲੇ ਇਟਲੀ ਦੇ ਗ੍ਰਹਿ ਮੰਤਰੀ ਮਤੇਓ ਸਲਵੀਨੀ ਅੱਜ-ਕਲ੍ਹ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਲਈ ਸੋਸ਼ਲ ਮੀਡੀਆ ਵਿਚ ਵਿਸ਼ੇਸ਼ ਚਰਚਾ ਵਿਚ ਹਨ, ਜਿਹਨਾਂ ਕਿ ਬੀਤੇ ਦਿਨੀਂ ਆਪਣੀ “ਇਮੀਗ੍ਰਾਂਟ ਟਾਰਗੇਟਿੰਗ ਸਕਿਊਰਟੀ ਡਿਗਰੀ'' ਨੂੰ ਜਾਂਚਿਆ, ਜਿਸ ਵਿਚ ਦੇਰ ਰਾਤ ਤੱਕ ਕਰਿਆਨਾ ਸਟੋਰਾਂ ਦੇ ਖੁੱਲ੍ਹੇ ਰਹਿਣ ਦਾ ਖਾਸ ਜ਼ਿਕਰ ਸੀ।ਇਹ ਕਰਿਆਨਾ ਸਟੋਰ ਜ਼ਿਆਦਾਤਰ ਵਿਦੇਸ਼ੀਆਂ ਦੁਆਰਾ ਚਲਾਏ ਜਾ ਰਹੇ ਹਨ।ਜਿਹੜੇ ਕਿ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਲਈ ਅਤੇ ਸ਼ੌਰ-ਸ਼ਰਾਬਾ ਕਰਨ ਵਾਲੇ ਲੋਕਾਂ ਦਾ ਇਕੱਠ ਕਰਨ ਲਈ ਜਾਣੇ ਜਾਂਦੇ ਹਨ।

ਸਲਵੀਨੀ ਅਨੁਸਾਰ ਇਸ ਪਹਿਲਕਦਮੀ ਵਿਚ ਵਿਦੇਸ਼ੀ ਕੋਈ ਨਿਸ਼ਾਨਾ ਨਹੀਂ ਹਨ ਅਤੇ ਇਹ ਸਿਰਫ਼ ਉਹਨਾਂ ਦੁਕਾਨਦਾਰਾਂ ਗੈਰ-ਕਾਨੂੰਨੀ ਧੰਦੇ ਨੂੰ ਠੱਲ ਪਾਉਣ ਦਾ ਤਰੀਕਾ ਹੈ ਜਿਹੜੇ ਕਿ ਗਲਤ ਗਤੀਵਿਧੀਆਂ ਕਾਰਨ ਬਦਨਾਮ ਹਨ।ਪੂਰੇ ਇਟਲੀ ਵਿਚ ਹਜ਼ਾਰਾਂ ਕਰਿਆਨੇ ਦੀਆਂ ਦੁਕਾਨਾਂ ਵਿਦੇਸ਼ੀ ਖਾਸਕਰ ਬੰਗਲਾਦੇਸ਼ੀ, ਪਾਕਿਸਤਾਨੀ ਅਤੇ ਭਾਰਤੀ ਲੋਕਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ, ਜਿਹਨਾਂ ਵਿਚ ਕਈਆਂ ਨੇ ਇਟਲੀ ਦੇ ਵਿੱਤੀ ਸੰਕਟ ਦੌਰਾਨ ਘੱਟ ਕੀਮਤ ਵਾਲੀਆਂ ਇਮਾਰਤਾਂ ਖਰੀਦ ਕੇ ਕਾਰੋਬਾਰ ਸ਼ੁਰੂ ਕੀਤਾ ਹੈ।ਸਲਵੀਨੀ ਦੇ ਇਸ ਪ੍ਰਸਤਾਵ ਪ੍ਰਤੀ ਇਟਲੀ ਦੀ ਪ੍ਰਚੂਨ ਐਸੋਸ਼ੀਏਸ਼ਨ ਕਨਫੈਸਰਸੈਂਟੀ ਦੇ ਜਨਰਲ ਸਕੱਤਰ ਮਾਓਰ ਬੂਸੋਨੀ ਨੇ ਕਿਹਾ ਹੈ ਕਿ ਸਰਕਾਰ ਕੋਈ ਅਜਿਹਾ ਕਾਨੂੰਨ ਨਹੀਂ ਬਣਾ ਸਕਦੀ ਜੋ ਕੁਝ ਕਾਰੋਬਾਰੀਆਂ ਨੂੰ ਦੂਜਿਆਂ ਤੋਂ ਵੱਖਰਾ ਕਰਦਾ ਹੋਵੇ।ਜਿਹਨਾਂ ਕੋਲ ਕਮਰਸ਼ੀਅਲ ਗਤੀਵਿਧੀ ਹੈ ਉਹਨਾਂ ਕੋਲ ਅਧਿਕਾਰ ਅਤੇ ਕਰਤੱਵ ਹਨ ਜਿਵੇਂ ਕਿ ਨਿਯਮਾਂ ਦਾ ਸਨਮਾਨ ਕਰਨਾ ਅਤੇ ਖੁੱਲ੍ਹੇ ਰਹਿਣ ਦਾ ਅਧਿਕਾਰ, ਭਾਵੇਂ ਦੁਕਾਨ ਕਿਸੇ ਵਿਦੇਸ਼ੀ ਜਾਂ ਇਟਾਲਵੀ ਦੁਆਰਾ ਕੀਤੀ ਜਾਂਦੀ ਹੈ।ਇਸ ਤਰ੍ਹਾਂ ਹੀ ਇਟਲੀ ਦੀ ਖਪਤਕਾਰ ਯੂਨੀਅਨ ਕੋਦਾਕੋਨਸ ਦੇ ਪ੍ਰਧਾਨ ਕਾਰਲੋ ਰੇਏਨਜ਼ੀ ਨੇ ਕਿਹਾ ਕਿ ਕੰਮ ਦੇਰ ਨਾਲ ਛੱਡਣ ਵਾਲੇ ਲੋਕ “ਆਖਰੀ ਮਿੰਟ ਦੀ ਖਰੀਦ'' ਵਾਲੇ ਹੁੰਦੇ ਹਨ। ਉਹਨਾਂ ਦੀ ਸਹੂਲਤ ਲਈ ਦੁਕਾਨਾਂ ਲਾਜ਼ਮੀ 

ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ ਪਰ ਨਾਲ ਹੀ ਉਹ ਇਸ ਗੱਲ ਨੂੰ ਵੀ ਮੰਨਦੇ ਹਨ ਕਿ ਅਜਿਹੀਆਂ ਦੇਰ ਨਾਲ ਬੰਦ ਹੋਣ ਵਾਲੀਆਂ ਦੁਕਾਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਕਿ ਹੇਰ-ਫੇਰ ਕਰ ਕੇ ਇਤਿਹਾਸਿਕ ਕਸਬਿਆਂ ਨੂੰ ਘਟੀਆ ਕੇਂਦਰ ਬਣਾਇਆ ਹੈ।ਇਕ ਹੋਰ ਉਦਯੋਗਕ ਸੂਤਰ ਦਾ ਕਹਿਣਾ ਹੈ ਕਿ ਜੇਕਰ ਇਹ ਕਾਨੂੰਨ ਪਾਸ ਹੁੰਦਾ ਹੈ ਤਾਂ ਇਟਾਲੀਅਨ ਮਲਕੀਅਤ ਵਾਲੀਆਂ ਦੁਕਾਨਾਂ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ ਜਿਸ ਵਿਚ ਬਾਰ ਵੀ ਸ਼ਾਮਲ ਹਨ। ਦੂਜੇ ਪਾਸੇ ਜਦਕਿ ਸੁਰੱਖਿਆ ਪ੍ਰਬੰਧ ਵਿਦੇਸ਼ੀ ਵਪਾਰ ਮਾਲਕਾਂ ਨੂੰ ਵਧੇਰੇ ਮੁੱਹਈਆ ਕਰਵਾਉਣੇ ਚਾਹੀਦੇ ਹਨ।ਸਲਵੀਨੀ ਦਾ ਇਹ ਸੁਰੱਖਿਆ ਫਰਮਾਨ ਸਤੰਬਰ ਵਿਚ ਨਸ਼ਰ ਹੋਇਆ, ਜਿਸ ਵਿਚ ਪ੍ਰਵਾਸੀਆਂ ਦੀਆਂ ਮਹੱਤਵਪੂਰਨ ਸੁਰੱਖਿਆਵਾਂ  ਖਤਮ ਕਰਨ ਦੀਆਂ ਗੁੱਝੀਆਂ ਯੋਜਨਾਵਾਂ ਸ਼ਾਮਿਲ ਹਨ, ਜਿਹੜੀਆਂ ਨੂੰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਅਸਾਨ ਬਣਾਉਣਗੀਆਂ।ਸਲਵੀਨੀ ਦਾ ਇਹ ਪ੍ਰਸਤਾਵ ਮੱਧ ਨਵੰਬਰ ਤੋਂ ਪਹਿਲਾਂ ਸੰਸਦ ਦੀ ਸੁਰੂਆਤ ਵਿਚ ਬਹਿਸ ਤੋਂ ਬਾਅਦ ਸੋਧਿਆ ਜਾਵੇਗਾ ਉਪੰਰਤ ਮਾਨਯੋਗ ਰਾਸ਼ਟਰਪਤੀ ਸੇਰਜੀਓ ਮੈਟਾਰੇਲਾ ਵੱਲੋਂ ਪ੍ਰਵਾਨਗੀ ਤੋਂ ਬਾਅਦ ਲਾਗੂ ਹੋਵੇਗਾ ਪਰ ਕਿਆਫ਼ੇ ਲਗਾਏ ਜਾ ਰਹੇ ਹਨ ਕਿ ਰਾਸ਼ਟਰਪਤੀ ਦਾ ਸਲਵੀਨੀ ਦੇ ਇਸ ਸੁਰੱਖਿਆ ਫਰਮਾਨ ਸਬੰਧੀ ਹੁੰਗਾਰਾ ਧੀਮੀ ਗਤੀ ਵਿਚ ਹੈ ।