ਨਵੀਂ ਫੂਡ ਗਾਈਡ ਪਹੁੰਚਾਵੇਗੀ ਹਰ ਕੈਨੇਡੀਅਨ ਪਰਿਵਾਰ ਨੂੰ 475 ਡਾਲਰ ਦੀ ਰਾਹਤ

03/15/2019 12:30:25 AM

ਓਟਾਵਾ—ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਦੇ ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ ਦੇ ਮੱਦੇਨਜ਼ਰ ਹਰ ਸਾਲ ਵਾਂਗ ਪੇਸ਼ ਕੀਤੀ ਗਈ ਨਵੀਂ ਫੂਡ ਗਾਈਡ ਜਿਥੇ ਉਨ੍ਹਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਸਾਬਤ ਹੋਵੇਗੀ, ਉੱਥੇ ਹੀ ਉਨ੍ਹਾਂ ਦੀ ਜੇਬ ਲਈ ਵੀ ਕਾਫੀ ਫਾਇਦੇਮੰਦ ਰਹੇਗੀ, ਕਿਉਂਕਿ ਇਕ ਸਟੱਡੀ 'ਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਦੀ ਨਵੀਂ ਫੂਡ ਗਾਈਡ ਦੀ ਸਹਾਇਤਾ ਨਾਲ ਹਰ ਪਰਿਵਾਰ ਸਾਲਾਨਾ 475 ਰੁਪਏ ਦੀ ਬਚਤ ਕਰ ਸਕੇਗਾ। ਡਲਹੌਜ਼ੀ ਯੂਨੀਵਰਸਿਟੀ ਅਤੇ ਦਿ ਯੂਨੀਵਰਸਿਟੀ ਆਫ ਗੁਇਲਫ ਵੱਲੋਂ ਕੈਨੇਡਾ ਪੱਧਰ 'ਤੇ 1,017 ਲੋਕਾਂ ਨੂੰ ਆਪਣੇ ਅਧਿਐਨ 'ਚ ਸ਼ਾਮਲ ਕੀਤਾ ਗਿਆ। ਅਧਿਐਨ ਦਾ ਮੁੱਖ ਮਕਸਦ ਇਹ ਜਾਣਨਾ ਸੀ ਕਿ 2019 ਦੀ ਫੂਡ ਗਾਈਡ ਪ੍ਰਤੀ ਲੋਕਾਂ ਦੇ ਮਨਾਂ 'ਚ ਕੀ ਧਾਰਨਾ ਹੈ ਅਤੇ ਇਸ ਮੁਤਾਬਕ ਚੱਲ ਕੇ ਕੈਨੇਡੀਅਨ ਨਾਗਰਿਕਾਂ ਦੇ ਖਰਚਿਆਂ 'ਚ ਕਿਸ ਤਰ੍ਹਾਂ ਦੀ ਤਬਦੀਲੀ ਆਵੇਗੀ। ਪ੍ਰਾਪਤ ਕੀਤੇ ਗਏ ਅੰਕੜਿਆਂ 'ਚ ਸਾਹਮਣੇ ਆਇਆ ਕਿ ਇਸ ਸਾਲ ਦੀ ਫੂਡ ਗਾਈਡ ਪਹਿਲਾਂ ਨਾਲੋਂ ਸਸਤੀ ਹੈ ਅਤੇ ਇਸ ਦੀ ਸਹਾਇਤਾ ਨਾਲ ਲੋਕਾਂ ਦੀ ਜੇਬ ਤੋਂ ਭਾਰ ਘਟੇਗਾ। ਇਸ ਤੋਂ ਇਲਾਵਾ 52.4 ਫੀਸਦੀ ਲੋਕਾਂ ਨੇ ਇਸ ਗਾਈਡ ਨੂੰ ਅਪਨਾਉਣ ਸਬੰਧੀ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਅਜਿਹੇ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਫੂਡ ਗਾਈਡ ਦੀਆਂ ਸਿਫਾਰਿਸ਼ਾਂ ਮੁਤਾਬਕ ਅਜਿਹਾ ਭੋਜਨ ਖਾਣ ਲਈ ਆਮ ਨਾਲੋਂ ਜ਼ਿਆਦਾ ਸਮਾਂ ਦੇਣਾ ਪਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦਾ ਕਹਿਣਾ ਸੀ ਕਿ ਨਵੀਂ ਫੂਡ ਗਾਈਡ ਪੌਦਾ-ਆਧਾਰਤ ਆਹਾਰ 'ਤੇ ਜ਼ੋਰ ਦਿੰਦੀ ਹੈ, ਜੋ ਬਹੁਤ ਜ਼ਿਆਦਾ ਸਵਾਦ ਭਰਪੂਰ ਨਹੀਂ ਹੁੰਦਾ। ਇਸ ਤੋਂ ਇਲਾਵਾ ਬੇਸ਼ੱਕ 26.5 ਫੀਸਦੀ ਲੋਕਾਂ ਦਾ ਇਹ ਕਹਿਣਾ ਸੀ ਕਿ ਨਵੀਂ ਫੂਡ ਗਾਈਡ ਮਹਿੰਗੀ ਸਾਬਤ ਹੋ ਸਕਦੀ ਹੈ ਪਰ ਸਰਵੇਖਣ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਫੂਡ ਗਾਈਡ ਮੁਤਾਬਕ ਚੱਲ ਕੇ ਲੋਕ ਆਪਣੇ ਪੈਸਿਆਂ ਦੀ ਬੱਚਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਹਰੇਕ ਸਾਲ ਆਪਣੇ ਨਾਗਰਿਕਾਂ ਦੀ ਸਿਹਤਯਾਬੀ ਲਈ ਇਕ ਫੂਡ ਗਾਈਡ ਤਿਆਰ ਕੀਤੀ ਜਾਂਦੀ ਹੈ, ਜਿਸ ਦਾ ਮਕਸੱਦ ਲੋਕਾਂ ਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ 'ਚ ਸੁਧਾਰ ਕਰਨ ਪ੍ਰਤੀ ਸੁਚੇਤ ਕਰਨਾ ਹੁੰਦਾ ਹੈ। 2019 ਦੀ ਨਵੀਂ ਫੂਡ ਗਾਈਡ 'ਚ ਸਿਫਾਰਿਸ਼ ਫਲ ਅਤੇ ਹਰੀਆਂ ਸਬਜੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ।


Karan Kumar

Content Editor

Related News