ਭ੍ਰਿਸ਼ਟਾਚਾਰ ਦੇ ਮੁਕੱਦਮੇ ਦੇ ਖਰਚ ਲਈ ਇਜ਼ਰਾਇਲ ਦੇ ਪੀ. ਐੱਮ. ਨੇ ਅਮੀਰ ਦੋਸਤ ਤੋਂ ਮੰਗੀ ਮਦਦ

06/15/2020 2:39:18 PM

ਯੇਰੂਸ਼ਲਮ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 'ਤੇ ਗੈਰ-ਕਾਨੂੰਨੀ ਰੂਪ ਨਾਲ ਤੋਹਫੇ ਲੈਣ ਲਈ ਭ੍ਰਿਸ਼ਟਾਚਾਰ ਦਾ ਮੁਕੱਦਮਾ ਚੱਲਣ ਦੇ ਬਾਵਜੂਦ ਉਨ੍ਹਾਂ ਨੇ ਮੁਕੱਦਮੇ ਦੀ ਫੀਸ ਭਰਨ ਲਈ ਆਪਣੇ ਇਕ ਦੋਸਤ ਤੋਂ ਲੱਖਾਂ ਡਾਲਰਾਂ ਦੀ ਮਦਦ ਲੈਣ ਦੀ ਇਜਾਜ਼ਤ ਮੰਗੀ ਹੈ। ਇਸ ਨਾਲ ਨੇਤਨਯਾਹੂ ਦੇ ਅਰਬਪਤੀ ਦੋਸਤਾਂ ਨਾਲ ਸਬੰਧ ਹੋਣ ਦੀ ਪੁਸ਼ਟੀ ਹੋਈ ਹੈ ਤੇ ਇਜ਼ਰਾਇਲੀ ਰਾਜਨੀਤੀ ਅਤੇ ਅਮੀਰ ਵਰਗ ਦਾ ਉੱਚ ਗਠਜੋੜ ਉਜਾਗਰ ਹੋਇਆ ਹੈ। 
ਨੇਤਨਯਾਹੂ ਨੇ ਇਕ ਇਜ਼ਰਾਇਲੀ ਨਿਗਰਾਨੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਮੁਕੱਦਮੇ ਦੇ ਖਰਚੇ ਲਈ ਉਨ੍ਹਾਂ ਨੇ ਮਿਸ਼ੀਗਨ ਸਥਿਤ ਇਕ ਧਨੀ ਵਪਾਰੀ ਸਪੈਂਸਰ ਪਾਰਟਰਿਚ ਤੋਂ ਇਕ ਕਰੋੜ ਸ਼ੇਕੇਲ (ਲਗਭਗ 30 ਲੱਖ ਡਾਲਰ) ਦਾਨ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪਾਰਟਰਿਚ ਵੀ ਮੁਕੱਦਮੇ ਵਿਚ ਇਕ ਗਵਾਹ ਹਨ ਇਸ ਲਈ ਕਮੇਟੀ ਨੇ ਇਸ 'ਤੇ ਰਾਇ ਮੰਗੀ ਹੈ। 
ਕਿਸੇ ਦੋਸਤ ਕੋਲੋਂ ਵਿੱਤੀ ਸਹਾਇਤਾ ਲੈਣਾ ਗੈਰ-ਕਾਨੂੰਨੀ ਨਹੀਂ ਤੇ ਇਜ਼ਰਾਇਲੀ ਨੇਤਾਵਾਂ ਦੀ ਵਿਦੇਸ਼ਾਂ ਵਿਚ ਵੱਸਦੇ ਅਮੀਰ ਯਹੂਦੀ ਸਮਰਥਕਾਂ ਤੋਂ ਸਹਾਇਤਾ ਲੈਣ ਦੀ ਪਰੰਪਰਾ ਰਹੀ ਹੈ ਪਰ ਕੁਝ ਲੋਕ ਨੇਤਨਯਾਹੂ ਦੇ ਮਾਮਲਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਹਨ। ਹਾਲਾਂਕਿ ਇਸ ਗੱਲ 'ਤੇ ਚਿੰਤਾ ਵੀ ਕੀਤੀ ਜਾਂਦੀ ਰਹੀ ਹੈ।
ਪਿਛਲੇ ਮਹੀਨੇ ਨੇਤਨਯਾਹੂ 'ਤੇ ਧੋਖਾਧੜੀ ਅਤੇ ਰਿਸ਼ਵਤ ਲੈਣ ਦਾ ਮੁਕੱਦਮਾ ਯੇਰੂਸ਼ਲਮ ਦੀ ਅਦਾਲਤ ਵਿਚ ਸ਼ੁਰੂ ਹੋਇਆ ਸੀ। ਅਗਲੇ ਮਹੀਨੇ ਇਸ 'ਤੇ ਸੁਣਵਾਈ ਹੋਣੀ ਹੈ। ਨੇਤਨਯਾਹੂ 'ਤੇ ਆਪਣੇ ਅਰਬਪਤੀ ਦੋਸਤ, ਹਾਲੀਵੁੱਡ ਕਲਾਕਾਰ ਅਰਨਾਨ ਮਿਲਚਨ ਅਤੇ ਆਸਟ੍ਰੇਲੀਆਈ ਵਪਾਰੀ ਜੇਮਸ ਪੈਕਰ ਤੋਂ ਦੋ ਲੱਖ ਡਾਲਰ ਰੁਪਏ ਮੁੱਲ ਦੀ ਸਿਗਾਰ ਅਤੇ ਸ਼ੈਮਪੈਨ ਲੈਣ ਦਾ ਦੋਸ਼ ਹੈ। 

Lalita Mam

This news is Content Editor Lalita Mam