ਦੋ-ਪੱਖੀ ਸਹਿਯੋਗ ਨੂੰ ਵਧਾਉਣ ਲਈ ਚੀਨ ਗਏ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ

06/19/2018 2:37:25 PM

ਕਾਠਮੰਡੂ— ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਅੱਜ ਚੀਨ ਲਈ ਰਵਾਨਾ ਹੋਏ, ਜਿੱਥੇ ਉਹ ਆਪਣੇ ਹਮਰੁਤਬਾ ਲੀ ਕਵਿੰਗ ਨਾਲ ਗੱਲਬਾਤ ਕਰਨਗੇ। ਮੰਨਿਆ ਜਾਂਦਾ ਹੈ ਕਿ ਓਲੀ ਇਸ ਦੌਰੇ 'ਚ ਦੋ-ਪੱਖੀ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਕਈ ਵੱਡੀਆਂ ਯੋਜਨਾਵਾਂ 'ਤੇ ਦਸਤਖਤ ਕਰਨਗੇ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਫਿਰ ਤੋਂ ਚੁਣੇ ਓਲੀ ਪਹਿਲੀ ਵਾਰ ਚੀਨ ਦੇ ਅਧਿਕਾਰਤ ਦੌਰੇ 'ਤੇ ਜਾ ਰਹੇ ਹਨ। ਉਹ ਆਪਣੇ ਉੱਚ ਪੱਧਰੀ ਵਫਦ ਨਾਲ 6 ਦਿਨਾਂ ਤਕ ਰਹਿਣਗੇ। ਸੂਤਰਾਂ ਮੁਤਾਬਕ, ''ਪ੍ਰਧਾਨ ਮੰਤਰੀ ਓਲੀ ਆਪਣੇ ਚੀਨੀ ਹਮਰੁਤਬਾ ਲੀ ਕਵਿੰਗ ਨਾਲ ਦੋ-ਪੱਖੀ ਗੱਲਬਾਤ ਕਰਨਗੇ ਅਤੇ ਬੀਜਿੰਗ 'ਚ ਨੇਪਾਲ-ਚੀਨ ਦੀ ਇਕ ਵਪਾਰਕ ਫੋਰਮ ਅਤੇ ਕੁੱਝ ਥਿੰਕ ਟੈਂਕ ਨੂੰ ਵੀ ਸੰਬੋਧਤ ਕਰਨਗੇ। 
ਸੂਤਰਾਂ ਮੁਤਾਬਕ ਦੋਵੇਂ ਦੇਸ਼ ਕੁੱਝ ਸਮਝੌਤਿਆਂ 'ਤੇ ਦਸਤਖਤ ਕਰਨਗੇ। ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧਾਂ 'ਤੇ ਗੱਲਬਾਤ ਹੋਵੇਗੀ ਅਤੇ ਚੀਨ ਦੀ ਮਹੱਤਵਪੂਰਣ ਪਹਿਲ 'ਵਨ ਟੇਬਲ ਵਨ ਰੋਡ' ਤਹਿਤ ਵਿਕਾਸ, ਨਿਵੇਸ਼, ਊਰਜਾ, ਸੈਲਾਨੀਆਂ ਦੇ ਘੁੰਮਣ ਵਾਲੇ ਖੇਤਰਾਂ ਦੇ ਮੁੱਦੇ 'ਤੇ ਗੱਲਬਾਤ ਕਰਨ ਲਈ ਦੋਵੇਂ ਦੇਸ਼ਾਂ ਦੇ ਨੇਤਾ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਵਫਦ 24 ਜੂਨ ਨੂੰ ਨੇਪਾਲ ਵਾਪਸ ਆ ਜਾਣਗੇ।