ਸ਼ੇਰਪਾ ਕਾਮੀ ਰੀਤਾ ਨੇ ਰਿਕਾਰਡ 23ਵੀਂ ਵਾਰ ਮਾਊਂਟ ਐਵਰੈਸਟ ਕੀਤਾ ਫਤਹਿ

05/15/2019 11:39:42 AM

ਕਾਠਮੰਡੂ (ਬਿਊਰੋ)— ਨੇਪਾਲ ਦੇ ਸ਼ੇਰਪਾ ਕਾਮੀ ਰੀਤਾ ਨੇ 49 ਸਾਲ ਦੀ ਉਮਰ ਵਿਚ ਰਿਕਾਰਡ 23ਵੀਂ ਵਾਰ ਮਾਊਂਟ ਐਵਰੈਸਟ ਫਤਹਿ ਕੀਤਾ ਹੈ। ਸਰਕਾਰੀ ਅਧਿਕਾਰੀ ਗਿਆਨੇਂਦਰ ਸ਼ੇਸ਼ਠ ਨੇ ਦੱਸਿਆ,''ਰੀਤਾ ਨੇ ਸਵੇਰੇ ਕਰੀਬ 7:50 'ਤੇ ਐਵਰੈਸਟ 'ਤੇ ਚੜ੍ਹਾਈ ਕਰ ਕੇ ਆਪਣਾ ਪੁਰਾਣਾ ਰਿਕਾਰਡ ਤੋੜ ਦਿੱਤਾ।'' 

 

ਰੀਤਾ ਦੇ ਦੋ ਕਰੀਬੀ ਸਾਥੀ 21 ਵਾਰ 8,850 ਮੀਟਰ ਦੀ ਚੋਟੀ 'ਤੇ ਚੜ੍ਹ ਚੁੱਕੇ ਹਨ ਪਰ ਦੋਹਾਂ ਨੇ ਪਹਾੜ ਚੜ੍ਹਨ ਤੋਂ ਸੰਨਿਆਸ ਲੈ ਲਿਆ ਹੋਇਆ ਹੈ। ਰੀਤਾ ਨੇ ਇਹ ਚੜ੍ਹਾਈ ਨੇਪਾਲ ਵਾਲੇ ਪਾਸਿਓਂ ਕੀਤੀ ਜੋ ਕਿ ਬਹੁਤ ਮੁਸ਼ਕਲ ਮੰਨੀ ਜਾਂਦੀ ਹੈ। ਰੀਤਾ ਨੇ 24 ਸਾਲ ਦੀ ਉਮਰ ਵਿਚ 1994 ਵਿਚ ਪਹਿਲੀ ਵਾਰ ਮਾਊਂਟ ਐਵਰੈਸਟ ਦੀ ਪਹਿਲੀ ਚੜ੍ਹਾਈ ਪੂਰੀ ਕੀਤੀ ਸੀ। 

ਰੀਤਾ ਦਾ ਜਨਮ ਨੇਪਾਲ ਦੇ ਥਾਮੇ ਵਿਚ ਸਾਲ 1970 ਵਿਚ ਹੋਇਆ। 17 ਸਾਲ ਦੀ ਉਮਰ ਵਿਚ ਟਰੈਕਿੰਗ ਇੰਡਸਟਰੀ ਵਿਚ ਕਦਮ ਰੱਖਿਆ। ਰੀਤਾ ਨੇ ਕੰਚਨਜੰਗਾ-2, ਚੋ-ਓਯੂ, ਲੋਸਤੇ ਅਤੇ ਅੰਨਪੂਰਨਾ ਜਿਹੇ ਉੱਚੇ ਪਰਬਤਾਂ ਦੀ ਵੀ ਚੜ੍ਹਾਈ ਕੀਤੀ ਹੈ।

ਇਸ ਤੋਂ ਇਕ ਸਾਲ ਪਹਿਲਾਂ 2018 ਵਿਚ ਬੁੱਧਵਾਰ ਦੇ ਦਿਨ ਹੀ ਕਾਮੀ ਰੀਤਾ ਨੇ ਐਵਰੈਸਟ 'ਤੇ 22ਵੀਂ ਵਾਰ ਚੜ੍ਹਾਈ ਕੀਤੀ ਸੀ। ਉਸ ਦਿਨ ਤਰੀਕ 16 ਮਈ ਸੀ। 2018 ਤੋਂ ਪਹਿਲਾਂ ਮਾਊਂਟ ਐਵਰੈਸਟ 'ਤੇ ਸਭ ਤੋਂ ਜ਼ਿਆਦਾ 21 ਵਾਰ ਚੜ੍ਹਨ ਦਾ ਰਿਕਾਰਡ ਅੱਪਾ ਸ਼ੇਰਪਾ ਅਤੇ ਫੁਰਬਾ ਤਾਸ਼ੀ ਸ਼ੇਰਪਾ ਦੇ ਨਾਮ ਸੀ।

Vandana

This news is Content Editor Vandana