ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

05/24/2017 5:47:46 PM

ਕਾਠਮੰਡੂ— ਨੇਪਾਲੀ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਚੰਡ ਨੇ ਦੇਸ਼ ਦੇ ਨਾਂ ਦਾ ਇਕ ਲਾਈਵ ਸੰਦੇਸ਼ ਦੇਣ ਤੋਂ ਤੁਰੰਤ ਬਾਅਦ ਹੀ ਅਸਤੀਫਾ ਦੇ ਦਿੱਤਾ। ਪ੍ਰਚੰਡ ਦਾ ਇਹ ਪ੍ਰਧਾਨ ਮੰਤਰੀ ਦੇ ਰੂਪ 'ਚ ਦੂਜਾ ਕਾਰਜਕਾਲ ਸੀ। 62 ਸਾਲ ਦੇ ਪ੍ਰਚੰਡ ਨੇਪਾਲ ਦੇ 39ਵੇਂ ਪ੍ਰਧਾਨ ਮੰਤਰੀ ਸਨ। 
ਇਸ ਤੋਂ ਪਹਿਲਾਂ ਨੇਪਾਲੀ ਕਮਿਊਨਿਸਟ ਪਾਰਟੀ ਦੇ ਨੇਤਾ ਕੇ. ਪੀ. ਓਲੀ ਨੇ ਕਲ ਸੰਸਦ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਸਥਾਨਕ ਚੋਣਾਂ ਦੇ ਮੱਧ 'ਚ ਅਸਤੀਫਾ ਨਹੀਂ ਦੇ ਸਕਦੇ ਅਤੇ 14 ਜੂਨ ਨੂੰ ਦੂਜੇ ਪੜਾਅ ਦੀਆਂ ਚੋਣਾਂ ਪੂਰੀਆਂ ਹੋਣ ਤੱਕ ਉਨ੍ਹਾਂ ਨੂੰ ਅਹੁਦੇ 'ਤੇ ਬਣੇ ਰਹਿਣਾ ਚਾਹੀਦਾ ਹੈ। 
ਅਗਲੀ ਸਰਕਾਰ ਦੇ ਗਠਨ ਤੱਕ ਪ੍ਰਚੰਡ ਕਾਰਜਵਾਹਕ ਪ੍ਰਧਾਨ ਮੰਤਰੀ ਰਹਿਣਗੇ। ਪਿਛਲੇ ਸਾਲ ਅਗਸਤ 'ਚ ਦੇਉਬਾ ਦੀ ਹਮਾਇਤ ਨਾਲ ਪ੍ਰਧਾਨ ਮੰਤਰੀ ਬਣੇ ਪ੍ਰਚੰਡ ਨੇ ਨੇਪਾਲ ਕਾਂਗਰਸ ਦੇ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਜਿਸ ਮੁਤਾਬਕ ਉਹ ਆਪਣੇ ਆਹੁਦੇ ਤੋਂ ਅਸਤੀਫਾ ਦੇ ਰਹੇ ਹਨ। ਫਰਵਰੀ 2018 'ਚ ਸੰਸਦ ਚੋਣਾਂ ਹੋਣ ਤੱਕ ਸੰਵਿਧਾਨਕ ਅੜਿੱਕੇ ਮੁਤਾਬਕ, ਪ੍ਰਚੰਡ ਅਤੇ ਦੇਉਬਾ ਨੇ ਵਾਰੀ-ਵਾਰੀ ਸਰਕਾਰ ਦੀ ਅਗਵਾਈ ਕਰਨ 'ਤੇ ਸਹਿਮਤੀ ਜਤਾਈ ਸੀ। ਸਮਝੌਤੇ ਮੁਤਾਬਕ ਪ੍ਰਚੰਡ ਨੂੰ ਕੈਬਨਿਟ ਚੋਣਾਂ ਹੋਣ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਬਣੇ ਰਹਿਣਾ ਸੀ। ਜਦੋਂ ਕਿ ਸੂਬਾ ਅਤੇ ਕੇਂਦਰ ਪੱਧਰੀ ਚੋਣਾਂ ਦੇਉਬਾ ਦੇ ਨੁਮਾਇੰਦਗੀ ਕਾਲ 'ਚ ਹੋਣਗੀਆਂ। ਪ੍ਰਚੰਡ ਆਪਣਾ ਅਸਤੀਫਾ ਦੇਣ ਤੋਂ ਪਹਿਲਾਂ ਸੰਸਦ ਨੂੰ ਸੰਬੋਧਿਤ ਕਰਨ ਵਾਲੇ ਸਨ ਪਰ ਮੁੱਖ ਵਿਰੋਧੀ ਪਾਰਟੀ ਸੀ. ਪੀ. ਐਨ.-ਯੂ. ਐਮ. ਐਲ. ਵਲੋਂ ਸਦਨ ਦੀ ਕਾਰਵਾਈ 'ਚ ਅੜਿੱਕਾ ਡਾਉਣ ਕਾਰਨ ਮੰਗਲਵਾਰ ਨੂੰ ਅਸਤੀਫਾ ਨਹੀਂ ਦੇ ਸਕੇ ਸਨ।