ਨੇਪਾਲ ਜਹਾਜ਼ ਹਾਦਸਾ: ਮਰਨ ਵਾਲਿਆਂ ਦੀ ਗਿਣਤੀ 70 ਹੋਈ, ਰਿਸ਼ਤੇਦਾਰਾਂ ਨੂੰ ਸੌਂਪੀਆਂ ਜਾ ਰਹੀਆਂ ਲਾਸ਼ਾਂ

01/17/2023 3:51:58 PM

ਕਾਠਮੰਡੂ (ਭਾਸ਼ਾ)- ਨੇਪਾਲ ਵਿੱਚ ਮੰਗਲਵਾਰ ਨੂੰ ਯੇਤੀ ਏਅਰਲਾਈਨਜ਼ ਦੇ ਜਹਾਜ਼ ਹਾਦਸੇ ਵਿੱਚ ਇੱਕ ਹੋਰ ਯਾਤਰੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 70 ਹੋ ਗਈ। ਉੱਧਰ ਅਧਿਕਾਰੀਆਂ ਨੇ ਲਾਸ਼ਾਂ ਵਾਰਸਾਂ ਨੂੰ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਯੇਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼, ਜਿਸ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਕੁੱਲ 72 ਲੋਕ ਸਵਾਰ ਸਨ, ਐਤਵਾਰ ਨੂੰ ਪੋਖਰਾ ਦੇ ਰਿਜੋਰਟ ਸ਼ਹਿਰ ਵਿੱਚ ਨਵੇਂ ਬਣੇ ਹਵਾਈ ਅੱਡੇ 'ਤੇ ਉਤਰਦੇ ਸਮੇਂ ਇੱਕ ਨਦੀ ਦੇ ਕਿਨਾਰੇ ਹਾਦਸਾਗ੍ਰਸਤ ਹੋ ਗਿਆ। ਇਨ੍ਹਾਂ ਵਿੱਚੋਂ 70 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। 

ਨੇਪਾਲ ਫ਼ੌਜ ਦੇ ਸੂਤਰਾਂ ਮੁਤਾਬਕ ਦੋ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਰਾਤ ਪੋਖਰਾ ਘਾਟੀ ਵਿੱਚ ਸੇਤੀ ਨਦੀ ਦੀ ਖੱਡ ਵਿੱਚ ਹਾਦਸੇ ਵਾਲੀ ਥਾਂ ਤੋਂ ਇੱਕ ਹੋਰ ਲਾਸ਼ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਕੁੱਲ ਗਿਣਤੀ 70 ਹੋ ਗਈ। ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਮੁਤਾਬਕ 70 ਲਾਸ਼ਾਂ 'ਚੋਂ 22 ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀਆਂ ਜਾ ਰਹੀਆਂ ਹਨ। ਨੇਪਾਲ ਫ਼ੌਜ ਦੇ ਸੂਤਰਾਂ ਅਨੁਸਾਰ ਬਾਕੀ ਬਚੀਆਂ 48 ਲਾਸ਼ਾਂ ਵਿੱਚੋਂ 25, ਜਿਨ੍ਹਾਂ ਵਿੱਚ ਚਾਲਕ ਦਲ ਦੇ ਮੈਂਬਰ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ, ਨੂੰ ਨੇਪਾਲ ਫ਼ੌਜ ਦੇ ਹੈਲੀਕਾਪਟਰ ਰਾਹੀਂ ਪਹਿਲਾਂ ਹੀ ਕਾਠਮੰਡੂ ਲਿਆਂਦਾ ਗਿਆ ਹੈ ਅਤੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ 23 ਲਾਸ਼ਾਂ ਨੂੰ ਜਲਦੀ ਹੀ ਹੈਲੀਕਾਪਟਰ ਰਾਹੀਂ ਕਾਠਮੰਡੂ ਲਿਆਂਦਾ ਜਾਵੇਗਾ ਅਤੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਭੇਜਿਆ ਜਾਵੇਗਾ। ਵਿਦੇਸ਼ੀ ਨਾਗਰਿਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਜਾਂ ਸਬੰਧਤ ਡਿਪਲੋਮੈਟਿਕ ਮਿਸ਼ਨਾਂ ਨੂੰ ਸੌਂਪੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਚੋਣ ਕਮਿਸ਼ਨ ਨੇ 271 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕੀਤਾ ਮੁਅੱਤਲ

ਜਹਾਜ਼ ਦਾ ਕਾਕਪਿਟ ਵਾਇਸ ਰਿਕਾਰਡਰ ਅਤੇ ਫਲਾਈਟ ਡਾਟਾ ਰਿਕਾਰਡਰ ਦੋਵੇਂ ਬਰਾਮਦ ਕਰ ਲਏ ਗਏ ਹਨ। ਇਹ ਐਤਵਾਰ ਦੇ ਹਾਦਸੇ ਬਾਰੇ ਮਹੱਤਵਪੂਰਨ ਸੁਰਾਗ ਪ੍ਰਦਾਨ ਕਰ ਸਕਦੇ ਹਨ। ਰੇਡੀਓ ਫਰਾਂਸ ਇੰਟਰਨੈਸ਼ਨਲ ਨੇ ਦੱਸਿਆ ਕਿ ਫਰਾਂਸ ਦੀ ਦੁਰਘਟਨਾ ਜਾਂਚ ਏਜੰਸੀ ਦੇ ਮਾਹਰ ਜਹਾਜ਼ ਹਾਦਸੇ ਦੀ ਜਾਂਚ ਵਿਚ ਅਧਿਕਾਰੀਆਂ ਦੀ ਮਦਦ ਕਰਨ ਲਈ ਮੰਗਲਵਾਰ ਨੂੰ ਨੇਪਾਲ ਪਹੁੰਚਣਗੇ। ਹਾਦਸਾਗ੍ਰਸਤ ਹੋਏ ਜਹਾਜ਼ ਦਾ ਨਿਰਮਾਣ ਫਰਾਂਸ ਦੀ ਏਅਰਕ੍ਰਾਫਟ ਨਿਰਮਾਤਾ ਕੰਪਨੀ ਏ.ਟੀ.ਆਰ. ਏਵੀਏਸ਼ਨ ਸੇਫਟੀ ਨੈੱਟਵਰਕ ਦੇ ਅੰਕੜਿਆਂ ਮੁਤਾਬਕ ਐਤਵਾਰ ਦਾ ਹਾਦਸਾ ਨੇਪਾਲ ਦੇ ਇਤਿਹਾਸ ਦਾ ਤੀਜਾ ਸਭ ਤੋਂ ਭਿਆਨਕ ਹਾਦਸਾ ਸੀ। ਇਸ ਤੋਂ ਵੀ ਵੱਧ ਲੋਕ ਜੁਲਾਈ ਅਤੇ ਸਤੰਬਰ 1992 ਵਿੱਚ ਹਾਦਸਿਆਂ ਵਿੱਚ ਮਾਰੇ ਗਏ ਸਨ। ਇਨ੍ਹਾਂ ਦੁਰਘਟਨਾਵਾਂ ਵਿੱਚ ਥਾਈ ਏਅਰਵੇਜ਼ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਸ਼ਾਮਲ ਸਨ ਅਤੇ ਕ੍ਰਮਵਾਰ 113 ਅਤੇ 167 ਲੋਕ ਮਾਰੇ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana