ਨੇਪਾਲ: ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪਰਤਿਆ ਭਾਰਤੀ ਪਰਬਤਾਰੋਹੀ ਦਾ ਸਾਹ, ਹਾਲਤ ਅਜੇ ਵੀ ਨਾਜ਼ੁਕ

04/24/2023 4:17:10 PM

ਕਾਠਮੰਡੂ (ਭਾਸ਼ਾ)- ਨੇਪਾਲ ਦੇ ਅੰਨਪੂਰਨਾ ਪਹਾੜ 'ਤੇ ਡੂੰਘੀ ਖੱਡ ਵਿੱਚ ਡਿੱਗਣ ਤੋਂ ਬਾਅਦ ਚਮਤਕਾਰੀ ਢੰਗ ਨਾਲ ਬਚਾਏ ਗਏ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਦੀ ਦਿਲ ਦੀ ਧੜਕਣ ਉਦੋਂ ਦੁਬਾਰਾ ਮਹਿਸੂਸ ਹੋਈ ਜਦੋਂ ਇੱਥੋਂ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਤਿੰਨ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਸ ਦਾ ਸਾਹ ਪਰਤਿਆ ਪਰ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਨੁਰਾਗ ਦੇ ਭਰਾ ਨੇ ਇਹ ਜਾਣਕਾਰੀ ਦਿੱਤੀ। ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਅਨੁਰਾਗ (34) ਬੀਤੇ ਸੋਮਵਾਰ ਨੂੰ ਤੀਜੇ ਕੈਂਪ ਤੋਂ ਉਤਰਦੇ ਸਮੇਂ ਕਰੀਬ 6000 ਮੀਟਰ ਦੀ ਉਚਾਈ ਤੋਂ ਡਿੱਗ ਕੇ ਲਾਪਤਾ ਹੋ ਗਿਆ ਸੀ। 

ਅੰਨਪੂਰਨਾ ਪਹਾੜ ਦੁਨੀਆ ਦਾ 10ਵਾਂ ਸਭ ਤੋਂ ਉੱਚਾ ਪਹਾੜ ਹੈ ਅਤੇ ਆਪਣੀ ਔਖੀ ਚੜ੍ਹਾਈ ਲਈ ਜਾਣਿਆ ਜਾਂਦਾ ਹੈ। ਅਨੁਰਾਗ ਦੇ ਭਰਾ ਆਸ਼ੀਸ਼ ਮਾਲੂ ਨੇ ਐਤਵਾਰ ਨੂੰ ਦੱਸਿਆ ਕਿ ਪਰਬਤਾਰੋਹੀ ਦਾ ਕਾਠਮੰਡੂ ਨੇੜੇ ਇਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸ 'ਚ ਸੁਧਾਰ ਦੇ ਸੰਕੇਤ ਮਿਲੇ ਹਨ। ਨੇਪਾਲ 'ਚ ਰਹਿਣ ਵਾਲੇ ਆਸ਼ੀਸ਼ ਨੇ ਕਿਹਾ ਕਿ ''ਜਦੋਂ ਅਨੁਰਾਗ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਦਿਲ ਦੀ ਧੜਕਣ ਦਾ ਕੋਈ ਨਿਸ਼ਾਨ ਨਹੀਂ ਸੀ ਅਤੇ ਉਹ ਸਾਹ ਵੀ ਨਹੀਂ ਲੈ ਰਿਹਾ ਸੀ।'' ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਉਸ ਦੇ ਦਿਲ ਦੀ ਧੜਕਣ ਨੂੰ ਵਾਪਸ ਲਿਆਉਣ ਲਈ ਤਿੰਨ ਘੰਟਿਆਂ ਲਈ ਕਾਰਡੀਓਪੁਲਮੋਨਰੀ ਰੀਸਸੀਟੇਸ਼ਨ (CPR) ਦਿੱਤੀ। ਅਨੁਰਾਗ ਲਲਿਤਪੁਰ ਜ਼ਿਲੇ ਦੇ ਭਾਈਸੇਪੱਤੀ ਸਥਿਤ ਮੈਡੀਸਿਟੀ ਹਸਪਤਾਲ ਦੇ ਆਈਸੀਯੂ 'ਚ ਦਾਖਲ ਹੈ। ਆਸ਼ੀਸ਼ ਨੇ ਦੱਸਿਆ ਕਿ “ਡਾਕਟਰਾਂ ਦਾ ਕਹਿਣਾ ਹੈ ਕਿ ਉਸਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ, ਪਰ ਉਸਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਸਾਨੂੰ ਉਸਦੀ ਪੂਰੀ ਸਿਹਤਯਾਬੀ ਦੀ ਉਮੀਦ ਕਰਨੀ ਚਾਹੀਦੀ ਹੈ ਅਤੇ ਹਰ ਕੋਈ ਉਸਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਿਹਾ ਹੈ।” 

ਪੜ੍ਹੋ ਇਹ ਅਹਿਮ ਖ਼ਬਰ-ਦੁੱਖਦਾਇਕ ਖ਼ਬਰ : UAE 'ਚ ਵੱਖ-ਵੱਖ ਹਾਦਸਿਆਂ 'ਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ

ਉਸਨੇ ਸ਼ੇਰਪਾ, ਕਾਠਮੰਡੂ ਵਿੱਚ ਭਾਰਤੀ ਦੂਤਘਰ, ਭਾਰਤ ਅਤੇ ਨੇਪਾਲ ਦੀਆਂ ਸਰਕਾਰਾਂ ਅਤੇ ਨੇਪਾਲ ਫੌਜ ਸਮੇਤ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਉਸ ਦੇ ਭਰਾ ਨੂੰ ਬਚਾਉਣ ਵਿਚ ਮਦਦ ਕੀਤੀ। ਪਰਬਤਾਰੋਹੀ ਮੁਹਿੰਮ ਦੌਰਾਨ ਅਨੁਰਾਗ ਦੇ ਨਾਲ ਗਏ ਸੀਨੀਅਰ ਪਰਬਤਾਰੋਹੀ ਚਿਪਲ ਸ਼ੇਰਪਾ ਨੇ ਐਤਵਾਰ ਨੂੰ ਦੱਸਿਆ ਕਿ ਭਾਰਤੀ ਪਰਬਤਾਰੋਹੀ ਨੇ ਗਲਤ ਰੱਸੀ ਫੜ੍ਹ ਲਈ ਸੀ, ਜਿਸ ਕਾਰਨ ਉਹ ਡੂੰਘੀ ਖੱਡ ਵਿੱਚ ਡਿੱਗ ਗਿਆ ਸੀ। ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ਼ੇਰਪਾ ਨੇ ਕਿਹਾ, ''ਰੱਸੀ 'ਤੇ ਚੜ੍ਹਨ ਜਾਂ ਉਤਰਨ ਦੀ ਬਜਾਏ ਅਨੁਰਾਗ ਨੇ ਸਾਮਾਨ ਲਿਜਾਣ ਲਈ ਵਰਤੀ ਜਾਂਦੀ ਰੱਸੀ ਨੂੰ ਫੜ ਲਿਆ ਸੀ, ਜੋ ਕਿ ਬਹੁਤ ਛੋਟਾ ਅਤੇ ਬਿਨਾਂ ਜੋੜਾਂ ਵਾਲਾ ਹੈ।'' ਸ਼ੇਰਪਾ ਨੇ ਕਿਹਾ ਕਿ 'ਸੈਵਨ ਸਮਿਟ ਟ੍ਰੈਕ' ਦੁਆਰਾ ਆਯੋਜਿਤ ਇਸ ਪਰਬਤਾਰੋਹੀ ਮੁਹਿੰਮ ਵਿਚ ਸ਼ਾਮਲ ਟੀਮ ਵਿਚ ਅਨੁਰਾਗ ਹੀ ਅਜਿਹਾ ਵਿਅਕਤੀ ਸੀ , ਜੋ ਉਸ ਦਿਨ ਪਹਾੜ ਦੀ ਚੋਟੀ 'ਤੇ ਨਹੀਂ ਪਹੁੰਚ ਸਕੇ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 

Vandana

This news is Content Editor Vandana