ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਨੇਪਾਲ ''ਚ ਖਾਸ ਮੁਹਿੰਮ

12/06/2018 11:56:37 AM

ਕਾਠਮੰਡੂ(ਏਜੰਸੀ)— ਨੇਪਾਲ 'ਚ ਵਾਤਾਵਰਣ ਨੂੰ ਲੈ ਕੇ ਜਾਗਰੂਕਤਾ ਅਤੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਲਈ ਬੁੱਧਵਾਰ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਸਭ ਤੋਂ ਵੱਡੀ ਬਣਤਰ (ਰਚਨਾ) ਪੇਸ਼ ਕੀਤੀ ਗਈ, ਜਿਸ ਦਾ ਨਾਂ 'ਡੈੱਡ ਸਾਗਰ' ਰੱਖਿਆ ਹੈ। ਰਾਜਧਾਨੀ ਦੇ ਮੱਧ ਭਾਗ 'ਚ ਟੁੰਡਿਕੇਲ 'ਚ 88,000 ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਲ ਇਸ ਨੂੰ ਬਣਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਇਸ ਦਾ ਵਿਸ਼ਾ 'ਇਕ ਡੈੱਡ ਸਾਗਰ ਸਾਡੇ ਲਈ ਕਾਫੀ ਹੈ' ਰੱਖਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਪਲਾਸਟਿਕ ਦਾ ਕੂੜਾ ਸੁੱਟ-ਸੁੱਟ ਕੇ ਅਸੀਂ ਆਪਣੇ ਮਰਨ ਲਈ ਇਕ ਸਮੁੰਦਰ ਬਣਾ ਰਹੇ ਹਾਂ, ਜਿਸ ਕਾਰਨ ਅਸੀਂ ਸਭ ਮਰ ਜਾਵਾਂਗੇ। 20 ਮੀਟਰ ਲੰਬਾ ਅਤੇ 5 ਮੀਟਰ ਚੌੜਾ 'ਡੈੱਡ ਸਾਗਰ' ਬਣਾ ਕੇ ਨਾਅਰਾ ਦਿੱਤਾ ਗਿਆ ਹੈ ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਕੂੜਾ ਜਦ ਸਮੁੰਦਰ 'ਚ ਡਿੱਗਦਾ ਹੈ ਤਾਂ ਸਮੁੰਦਰੀ ਜੀਵਾਂ ਸਮੇਤ ਮਨੁੱਖਾਂ ਲਈ ਵੀ ਖਤਰਾ ਪੈਦਾ ਹੋ ਜਾਂਦਾ ਹੈ। ਇਸ ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਵਰਲਡ ਰਿਕਾਰਡ ਬਣਾਉਣਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ 2012 'ਚ ਸਿੰਗਾਪੁਰ 'ਚ 68,000 ਪਲਾਸਟਿਕ ਦੇ ਲਿਫਾਫਿਆਂ ਨਾਲ ਓਕਟੋਪਸ ਦੀ ਬਣਤਰ ਬਣਾਈ ਗਈ ਸੀ ਤੇ ਹੁਣ 88,000 ਦੀ ਵਰਤੋਂ ਕੀਤੀ ਗਈ ਹੈ। ਲੋਕਾਂ ਨੇ ਕਿਹਾ ਕਿ ਜਾਪਾਨ ਸਰਕਾਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਅਜਿਹੇ 'ਚ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਇਕ ਅਰਬ ਤੋਂ ਵਧੇਰੇ ਪਲਾਸਟਿਕ ਦੇ ਲਿਫਾਫੇ ਇਕ ਵਾਰ ਵਰਤੇ ਜਾਂਦੇ ਹਨ ਅਤੇ ਹਰ ਰੋਜ਼ ਕਾਠਮੰਡੂ ਘਾਟੀ 'ਚ ਸੁੱਟ ਦਿੱਤੇ ਜਾਂਦੇ ਹਨ।