ਨੇਪਾਲ ਨੇ 122 ਚੀਨੀ ਨਾਗਰਿਕਾਂ ਨੂੰ ਕੀਤਾ ਡਿਪੋਰਟ

01/10/2020 12:15:13 PM

ਕਾਠਮੰਡੂ (ਭਾਸ਼ਾ): ਨੇਪਾਲ ਸਰਕਾਰ ਨੇ 122 ਚੀਨੀ ਨਾਗਰਿਕਾਂ ਨੂੰ ਚੀਨ ਵਾਪਸ ਭੇਜ ਦਿੱਤਾ ਹੈ। ਇਹਨਾਂ ਨਾਗਰਿਕਾਂ ਨੂੰ ਸਾਈਬਰ ਅਤੇ ਵਿੱਤੀ ਅਪਰਾਧ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹਿਮਾਲੀਆ ਦੇਸ਼ ਦੇ ਅਧਿਕਾਰੀ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਅਤੇ ਕੈਦ ਵਿਚ ਰੱਖਣ ਲਈ ਲੋੜੀਂਦੇ ਸਬੂਤ ਇਕੱਠੇ ਨਹੀਂ ਕਰ ਸਕੇ, ਇਸ ਲਈ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਵਾਪਸ ਚੀਨ ਭੇਜ ਦਿੱਤਾ ਗਿਆ।

'ਦੀ ਹਿਮਾਲੀਅਨ ਟਾਈਮਜ਼' ਦੀ ਰਿਪੋਰਟ ਦੇ ਮੁਤਾਬਕ ਬੁੱਧਵਾਰ ਨੂੰ ਦੋ ਜਹਾਜ਼ਾਂ ਵਿਚ ਸਵਾਰ ਹੋ ਕੇ ਚੀਨੀ ਨਾਗਰਿਕ ਕੁਨਮਿੰਗ ਲਈ ਰਵਾਨਾ ਹੋਏ। ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਡਾਇਰੈਕਟਰ ਜਨਰਲ ਐਸ਼ਵਰਦ ਰਾਜ ਪੌਡੇਲ ਨੇ ਕਿਹਾ,''122 ਚੀਨੀ ਨਾਗਰਿਕਾਂ ਨੂੰ ਅਸ਼ਲੀਲ ਵਿਵਹਾਰ ਦਾ ਦੋਸ਼ੀ ਪਾਇਆ ਗਿਆ। ਫੈਸਲੇ 'ਤੇ ਕਾਰਵਾਈ ਕਰਦਿਆਂ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦਾ ਅਨੁਪਾਲਨ ਕਰਦਿਆਂ ਅਸੀਂ ਉਹਨਾਂ ਨੂੰ ਡਿਪੋਰਟ ਮਤਲਬ ਵਾਪਸ ਭੇਜ ਦਿੱਤਾ।''

ਇੱਥੇ ਦੱਸ ਦਈਏ ਕਿ ਚੀਨੀ ਨਾਗਰਿਕਾਂ ਨੂੰ 23 ਦਸੰਬਰ, 2019 ਨੂੰ ਅਮੀਰ, ਸਿੰਗਲ ਅਤੇ ਤਲਾਕਸ਼ੁਦਾ ਚੀਨੀ ਔਰਤਾਂ ਤੋਂ ਪੈਸੇ ਲੈਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ, ਗੈਰ ਕਾਨੂੰਨੀ ਆਨਲਾਈਨ ਜੂਏਬਾਜ਼ੀ ਰੈਕੇਟ ਚਲਾਉਣ, ਪੋਂਜੀ ਸਕੀਮ ਚਲਾਉਣ ਅਤੇ ਫੋਨ ਤੋਂ ਆਪਣੀ ਨਿੱਜੀ ਜਾਣਕਾਰੀ ਹੈਕ ਕਰ ਕੇ ਚੀਨੀ ਲੋਕਾਂ ਨੂੰ ਬਲੈਕਮੇਲ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ।ਉਹਨਾਂ 'ਤੇ ਅਸ਼ਲੀਲ ਵਿਵਹਾਰ ਕਰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਹਨਾਂ ਵਿਚੋਂ ਕੁਝ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਸੀ ਜਦਕਿ ਦੂਜੇ ਉਹਨਾਂ ਦੇ ਪਾਸਪੋਰਟ 'ਤੇ ਕਬਜ਼ੇ ਵਿਚ ਨਹੀਂ ਸਨ। 

ਐਤਵਾਰ ਨੂੰ ਜ਼ਿਲਾ ਪ੍ਰਸ਼ਾਸਨ ਦਫਤਰ ਦੇ ਅਧਿਕਾਰੀ ਜਨਕਰਾਜ ਦਹਿਲ ਨੇ 5 ਜਨਵਰੀ ਨੂੰ ਹਰੇਕ ਚੀਨੀ ਨੂੰ ਅਸ਼ਲੀਲ ਵਿਵਹਾਰ ਲਈ 1000 ਨੇਪਾਲੀ ਰੁਪਏ ਜ਼ੁਰਮਾਨਾ ਲਗਾਇਆ ਅਤੇ ਉਹਨਾਂ ਦੀ ਰਿਹਾਈ ਦੇ ਆਦੇਸ਼ ਦਿੱਤੇ।ਪੁਲਸ ਨੇ ਵਾਪਸ ਭੇਜਣ ਲਈ ਉਹਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੂੰ ਸੌਂਪ ਦਿੱਤਾ। ਇਹਨਾਂ 122 ਚੀਨੀ ਨਾਗਰਿਕਾਂ 'ਤੇ 4 ਸਾਲ ਲਈ ਨੇਪਾਲ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Vandana

This news is Content Editor Vandana