ਨੇਪਾਲ ਪਹੁੰਚੇ ਸ਼ੀ ਜਿਨਪਿੰਗ, ਓਲੀ ਨਾਲ ਕੀਤੀ ਦੋ-ਪੱਖੀ ਬੈਠਕ

10/13/2019 2:14:54 PM

ਕਾਠਮੰਡੂ (ਬਿਊਰੋ)— ਮਿਲਨਾਡੂ ਦੇ ਮਹਾਬਲੀਪੁਰਮ ਵਿਚ ਪੀ.ਐੱਮ. ਨਰਿੰਦਰ ਮੋਦੀ ਦੇ ਨਾਲ ਆਪਣੀ ਦੋ ਦਿਨੀਂ ਗੈਰ ਰਸਮੀ ਸਿਖਰ ਬੈਠਕ ਦੀ ਸਮਾਪਤੀ ਦੇ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨੀਂ ਯਾਤਰਾ 'ਤੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚ ਗਏ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਐਤਵਾਰ ਨੂੰ ਦੋ-ਪੱਖੀ ਬੈਠਕ ਕੀਤੀ। ਇਸ ਤੋਂ ਪਹਿਲਾਂ ਜਿਨਪਿੰਗ ਨੇ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਦੇ ਨਾਲ ਗੱਲਬਾਤ ਕੀਤੀ ਸੀ। 

ਗੌਰਤਲਬ ਹੈ ਕਿ ਜਿਨਪਿੰਗ ਪਿਛਲੇ 23 ਸਾਲਾਂ ਵਿਚ ਚੀਨ ਦੇ ਪਹਿਲੇ ਅਜਿਹੇ ਰਾਸ਼ਟਰ ਮੁਖੀ ਹਨ ਜਿਨ੍ਹਾਂ ਨੇ ਨੇਪਾਲ ਦਾ ਦੌਰਾ ਕੀਤਾ ਹੈ। ਨੇਪਾਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਿਨਪਿੰਗ ਦਾ ਸਵਾਗਤ ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕੀਤਾ। ਇਸ ਦੇ ਨਾਲ ਹੀ ਨੇਪਾਲ ਦੀ ਫੌਜ ਨੇ ਉਨ੍ਹਾਂ ਨੂੰ 'ਗਾਰਡ ਆਫ ਆਨਰ' ਦਿੱਤਾ। ਜਿਨਪਿੰਗ ਨੇਪਾਲ ਦੀ ਰਾਸ਼ਟਰਪਤੀ ਵੱਲੋਂ ਆਯੋਜਿਤ ਭੋਜ ਵਿਚ ਵੀ ਸ਼ਾਮਲ ਹੋਏ। 

ਅਧਿਕਾਰੀ ਦੇ ਬਿਆਨ ਮੁਤਾਬਕ,''ਪੀ.ਐੱਮ. ਓਲੀ ਨੇ ਜਿਨਪਿੰਗ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਦੇ ਬਾਅਦ ਜਿਨਪਿੰਗ ਓਲੀ ਨਾਲ ਮੁਲਾਕਾਤ ਲਈ ਉਨ੍ਹਾਂ ਦੀ ਰਿਹਾਇਸ਼ 'ਸ਼ੀਤਲ ਨਿਵਾਸ' ਗਏ। ਰਾਸ਼ਟਰਪਤੀ ਦਫਤਰ ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਨੇਪਾਲ ਅਤੇ ਚੀਨ ਦੇ ਦੋਸਤਾਨਾ ਰਿਸ਼ਤਿਆਂ, ਆਪਸੀ ਹਿੱਤਾਂ ਅਤੇ ਕਈ ਵੱਖਰੇ ਮੁੱਦਿਆਂ 'ਤੇ ਚਰਚਾ ਕੀਤੀ। ਇੰਨਾ ਹੀ ਨਹੀਂ ਜਿਨਪਿੰਗ ਨੇ ਨੇਪਾਲੀ ਕਾਂਗਰਸ ਦੇ ਨੇਤਾ ਸ਼ੇਰ ਬਹਾਦੁਰ ਦੇਉਬਾ  ਨਾਲ ਵੀ ਮੁਲਾਕਾਤ ਕੀਤੀ।

Vandana

This news is Content Editor Vandana