ਨੇਪਾਲ ਦੀ ਰਾਸ਼ਟਰਪਤੀ ਨੇ ਅਮਰੀਕਾ, ਬ੍ਰਿਟੇਨ ਤੇ ਰੂਸ ਨੂੰ ਟੀਕਿਆਂ ਦੀ ਸਪਲਾਈ ਲਈ ਕੀਤੀ ਅਪੀਲ

06/01/2021 9:34:44 PM

ਇੰਟਰਨੈਸ਼ਨਲ ਡੈਸਕ : ਨੇਪਾਲ ਦੀ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਨੇ ਅਮਰੀਕਾ, ਬ੍ਰਿਟੇਨ ਤੇ ਰੂਸ ’ਚ ਚੋਟੀ ਦੇ ਨੇਤਾਵਾਂ ਤੋਂ ਉਨ੍ਹਾਂ ਦੇ ਦੇਸ਼ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਹੈ, ਜੋ ਟੀਕੇ ਦੀ ਖੁਰਾਕ ਲਈ ਪੂਰੀ ਤਰ੍ਹਾਂ ਨਾਲ ਵਿਦੇਸ਼ੀ ਮਦਦ ਉਤੇ ਨਿਰਭਰ ਹੈ। ਮੰਗਲਵਾਰ ਨੂੰ ਮੀਡੀਆ ਵਿਚ ਆਈਆਂ ਖਬਰਾਂ ’ਚ ਇਸ ਬਾਰੇ ਦੱਸਿਆ ਗਿਆ। ਹਿਮਾਲਿਅਨ ਟਾਈਮਜ਼ ਨੇ ਦੱਸਿਆ ਹੈ ਕਿ ਅਮਰੀਕਾ ਵਿਚ ਨੇਪਾਲ ਦੇ ਰਾਜਦੂਤ ਯੁਵਰਾਜ ਖਤੀਵਾੜਾ ਨੇ ਭੰਡਾਰੀ ਦਾ ਪੱਤਰ ਰਾਸ਼ਟਰਪਤੀ ਜੋ ਬਾਈਡੇਨ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਸੀਨੀਅਰ ਸਲਾਹਕਾਰ ਅਰਵਿਨ ਮਾਸਿੰਗਾ ਨੂੰ ਦਿੱਤਾ। ਵਾਸ਼ਿੰਗਟਨ ਡੀ. ਸੀ. ਵਿਚ ਨੇਪਾਲੀ ਦੂਤਾਵਾਸ ਨੇ ਕਿਹਾ ਕਿ ਖਤੀਵਾੜਾ ਨੂੰ ਅਮਰੀਕਾ ਤੋਂ ਲੋੜੀਂਦੀ ਸਹਾਇਤਾ ਮਿਲਣ ਦੀ ਉਮੀਦ ਹੈ। ਦੂਤਾਵਾਸ ਨੇ ਕਿਹਾ ਕਿ ਨੇਪਾਲ ਅਮਰੀਕਾ ਸਥਿਤ ਜਾਨਸਨ ਅਤੇ ਜਾਨਸਨ ਦੁਆਰਾ ਤਿਆਰ ਟੀਕੇ ਖਰੀਦਣ ਦਾ ਇੱਛੁਕ ਹੈ।

ਇਹ ਵੀ ਪੜ੍ਹੋ : ਚੀਨ ਤੋਂ ਆਈ ਦੁਨੀਆ ਨੂੰ ਡਰਾਉਣ ਵਾਲੀ ਖ਼ਬਰ, ਇਨਸਾਨਾਂ ’ਚ ਮਿਲਿਆ ਬਰਡ ਫਲੂ ਦਾ H10N3 ਸਟ੍ਰੇਨ

ਅਖਬਾਰ ਵਿਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਬ੍ਰਿਟੇਨ ਵਿਚ ਨੇਪਾਲ ਦੇ ਦੂਤਘਰ ਨੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਤੋਂ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਰਾਹੀਂ ਬੇਨਤੀ ਕੀਤੀ ਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਭੇਜੇ ਆਪਣੇ ਪੱਤਰ ’ਚ ਭੰਡਾਰੀ ਨੇ ਕਿਹਾ ਕਿ ਨੇਪਾਲ ਰੂਸ ਤੋਂ ਤੁਰੰਤ ਸਪੂਤਨਿਕ ਟੀਕਾ ਖਰੀਦਣਾ ਚਾਹੁੰਦਾ ਹੈ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਸਕੋ ’ਚ ਨੇਪਾਲੀ ਦੂਤਾਵਾਸ ਨੇ ਰੂਸ ਦੇ ਵਿਦੇਸ਼ ਮੰਤਰਾਲੇ ਰਾਹੀਂ ਪੁਤਿਨ ਦੇ ਦਫਤਰ ਨੂੰ ਇਹ ਪੱਤਰ ਭੇਜਿਆ ਸੀ।
ਰਾਸ਼ਟਰਪਤੀ ਭੰਡਾਰੀ ਨੇ ਆਪਣੇ ਭਾਰਤੀ ਹਮਰੁਤਬਾ ਰਾਮਨਾਥ ਕੋਵਿੰਦ ਨੂੰ ਪਿਛਲੇ ਹਫ਼ਤੇ ਨੇਪਾਲ ਨੂੰ ਟੀਕਿਆਂ ਦੀ ਸਹਾਇਤਾ ਕਰਨ ਲਈ ਇੱਕ ਪੱਤਰ ਲਿਖਿਆ ਸੀ। ਹਿਮਾਲਿਅਨ ਟਾਈਮਜ਼ ਦੀ 26 ਮਈ ਦੀ ਖ਼ਬਰ ਅਨੁਸਾਰ ਉਨ੍ਹਾਂ ਨੇ ਰਾਸ਼ਟਰਪਤੀ ਕੋਵਿੰਦ ਨਾਲ ਡਿਪਲੋਮੈਟਿਕ ਚੈਨਲਾਂ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਟੀਕਾ ਉਪਲੱਬਧ ਕਰਾਉਣ ਲਈ ਪਹਿਲ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਨੇਪਾਲ ਆਪਣੇ ਨਾਗਰਿਕਾਂ ਲਈ ਚੀਨੀ ਟੀਕੇ ਖਰੀਦਣ ਦਾ ਚਾਹਵਾਨ ਹੈ। ਨੇਪਾਲ ’ਚ ਸਿਰਫ 6.8 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜੋ ਆਬਾਦੀ ਦਾ ਲੱਗਭਗ 2.4 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ : ਅਮਰੀਕਾ : ਐਰੀਜ਼ੋਨਾ ’ਚ ਕਈ ਮਹੀਨਿਆਂ ਤੋਂ ਬੈਗ ’ਚ ਲੁਕੋ ਕੇ ਰੱਖੀ ਲਾਸ਼ ਮਿਲੀ, ਕਾਤਲ ਗ੍ਰਿਫ਼ਤਾਰ

2 ਜਨਵਰੀ ਨੂੰ ਨੇਪਾਲ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸ. ਆਈ. ਆਈ.) ਤੋਂ 10 ਲੱਖ ਖੁਰਾਕਾਂ ਪ੍ਰਾਪਤ ਹੋਈਆਂ। ਇਸ ਨੂੰ ਅੰਤਰਰਾਸ਼ਟਰੀ ਕੋਵੈਕਸ ਪਹਿਲਕਦਮੀ ਦੇ ਹਿੱਸੇ ਵਜੋਂ 7 ਮਾਰਚ ਨੂੰ ਕੋਵੀਸ਼ੀਲਡ ਦੀਆਂ 3,48,000 ਖੁਰਾਕਾਂ ਪ੍ਰਾਪਤ ਹੋਈਆਂ। ਚੀਨ ਨੇ ਨੇਪਾਲ ਦੀ ਸਹਾਇਤਾ ਲਈ ਹੁਣ ਤੱਕ 8,00,000 ਐਂਟੀ-ਕੋਵਿਡ-19 ਟੀਕਿਆਂ ਦਾ ਪ੍ਰਬੰਧ ਕੀਤਾ ਹੈ। ਚੀਨ 10 ਲੱਖ ਖੁਰਾਕਾਂ ਦੇਣ ਲਈ ਵਚਨਬੱਧ ਹੈ। ਪਿਛਲੇ ਹਫ਼ਤੇ ਰਾਸ਼ਟਰਪਤੀ ਭੰਡਾਰੀ ਨੇ ਆਪਣੇ ਭਾਰਤੀ ਅਤੇ ਚੀਨੀ ਹਮ-ਅਹੁਦਿਆਂ ਨੂੰ ਅਪੀਲ ਕੀਤੀ ਕਿ ਉਹ ਐਂਟੀ- ਕੋਵਿਡ-19 ਟੀਕਿਆਂ ਦੀ ਨਿਰਵਿਘਨ ਸਪਲਾਈ ਕਰ ਕੇ ਦੇਸ਼ ਦੀ ਸਹਾਇਤਾ ਕਰਨ। ਹਾਲਾਂਕਿ ਨੇਪਾਲ ’ਚ ਮਹਾਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵ ’ਚ ਕਮੀ ਆਉਣ ਲੱਗੀ ਹੈ ਪਰ ਫਿਰ ਵੀ ਰੋਜ਼ਾਨਾ ਤਕਰੀਬਨ 4,000 ਨਵੇਂ ਕੇਸ ਆ ਰਹੇ ਹਨ। ਸਰਕਾਰੀ ਅੰਕੜਿਆਂ ਦੇ ਅਨੁਸਾਰ ਦੇਸ਼ ’ਚ ਹੁਣ ਤੱਕ 7386 ਵਿਅਕਤੀਆਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ, ਜਦਕਿ 561,302 ਲੋਕ ਪਾਜ਼ੇਟਿਵ ਹਨ।


Manoj

Content Editor

Related News