ਕੈਨੇਡੀਅਨ ਗਾਇਕ ਦੀ ਮੌਤ 'ਤੇ ਸੁਪਰਸਟਾਰਜ਼ ਨੇ ਸਾਂਝਾ ਕੀਤਾ ਆਪਣਾ ਦੁੱਖ

10/21/2017 12:24:48 PM

ਟੋਰਾਂਟੋ, (ਬਿਊਰੋ)— ਮੰਗਲਵਾਰ ਨੂੰ ਕੈਨੇਡਾ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਗੋਰਡ ਡੋਨੀ ਦੀ ਮੌਤ ਹੋ ਗਈ। ਇਸ ਦੁੱਖ ਨੂੰ ਸਾਂਝਾ ਕਰਦੇ ਹੋਏ ਕੈਨੇਡਾ ਦੇ ਸੁਪਰਸਟਾਰਜ਼ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ। ਸੁਪਰਸਟਾਰ ਨੀਲ ਯੋਂਗ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ,''ਤੁਸੀਂ ਹਮੇਸ਼ਾ ਕੈਨੇਡਾ ਦੇ ਸੱਚੇ ਕਲਾਕਾਰ ਰਹੇ ਹੋ। ਮੈਂ ਤੁਹਾਡੇ ਪਰਿਵਾਰ ਨਾਲ ਆਪਣੇ ਅਤੇ ਸਾਰੇ ਕੈਨੇਡਾ ਦਾ ਦੁੱਖ ਸਾਂਝਾ ਕਰਦਾ ਹਾਂ। ਤੁਸੀਂ ਸਾਡੇ ਲਈ ਆਪਣਾ ਬਹੁਮੁੱਲਾ ਸੰਗੀਤਕ ਤੋਹਫਾ ਛੱਡ ਕੇ ਗਏ ਹੋ।''

ਸੁਪਰਸਟਾਰ ਡਰੇਕ ਨੇ ਆਪਣੀ ਅਤੇ ਗੋਰਡ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੂੰ ਮਿਲੇ ਸਨ, ਜੋ ਇਕ ਯਾਦਗਾਰ ਸਮਾਂ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗੋਰਡਨ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ ਅਤੇ 53 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਉਹ ਕੈਨੇਡਾ ਦੇ ਰੋਕ ਬੈਂਡ ਦਿ ਟਰੈਜਿਕਲੀ ਹਿੱਪ ਨਾਲ ਜੁੜੇ ਹੋਏ ਸਨ। ਸੰਗੀਤ ਅਤੇ ਲੋਕ ਭਲਾਈ ਦੇ ਕੰਮਾਂ ਕਾਰਨ ਲੋਕਾਂ ਦੇ ਦਿਲਾਂ 'ਚ ਉਨ੍ਹਾਂ ਨੇ ਖਾਸ ਥਾਂ ਬਣਾ ਲਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਨ੍ਹਾਂ ਦੀ ਮੌਤ ਕਾਰਨ ਬਹੁਤ ਉਦਾਸ ਹੋਏ ਅਤੇ ਭਾਸ਼ਣ ਦੌਰਾਨ ਉਹ ਆਪਣੇ ਹੰਝੂ ਨਾ ਰੋਕ ਸਕੇ।