ਗੁਆਂਢੀ ਮੁਲਕ ਪਾਕਿ ਨੂੰ ਅਫਗਾਨਿਸਤਾਨ ''ਚ ਨਹੀਂ ਨਜ਼ਰ ਆਈ ਭਾਰਤ ਲਈ ਕੋਈ ਭੂਮਿਕਾ

09/21/2017 2:19:45 PM

ਨਿਊਯਾਰਕ— ਅਮਰੀਕੀ ਸਦਰ ਡੋਨਾਲਡ ਟਰੰਪ ਵਲੋਂ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸਥਿਰਤਾ ਲਿਆਉਣ 'ਚ ਭਾਰਤ ਵਲੋਂ ਹੋਰ ਸਹਿਯੋਗ ਦੀ ਮੰਗ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਅਫਗਾਨਿਸਤਾਨ 'ਚ ਭਾਰਤ ਲਈ ਕੋਈ ਰਾਜਨੀਤਕ ਜਾਂ ਫੌਜੀ ਭੂਮਿਕਾ ਨਜ਼ਰ ਨਹੀਂ ਆ ਰਹੀ ਹੈ। ਟਰੰਪ ਨੇ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਲਈ ਨਵੀਂ ਨੀਤੀ ਐਲਾਨਣ ਦੌਰਾਨ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ ਲਈ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ ਸੀ। ਇਸ ਦੇ ਨਾਲ ਹੀ ਅਮਰੀਕੀ ਸਦਰ ਨੇ ਭਾਰਤ ਕੋਲੋਂ ਅਫਗਾਨਿਸਤਾਨ ਲਈ ਹੋਰ ਆਰਥਿਕ ਸਹਾਇਤਾ ਦੇਣ ਅਤੇ ਵਿਕਾਸ 'ਚ ਮਦਦ ਮੰਗੀ ਸੀ। ਅਫਗਾਨਿਸਤਾਨ 'ਚ ਭਾਰਤ ਦੀ ਭੂਮਿਕਾ ਬਾਰੇ ਪੁੱਛੇ ਜਾਣ 'ਤੇ ਅੱਬਾਸੀ ਨੇ ਕਿਹਾ,'ਸਿਫਰ'। ਉਨ੍ਹਾਂ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ 'ਚ ਭਾਰਤ ਲਈ ਕੋਈ ਰਾਜਨੀਤਕ ਜਾਂ ਫੌਜੀ ਭੂਮਿਕਾ ਨਹੀਂ ਦੇਖ ਰਹੇ ਹਾਂ। ਮੇਰਾ ਮੰਨਣਾ ਹੈ ਕਿ ਇਹ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦੇਵੇਗਾ ਅਤੇ ਇਸ ਨਾਲ ਕੋਈ ਹੱਲ ਨਹੀਂ ਨਿਕਲੇਗਾ ਤਾਂ ਜੇਕਰ ਉਹ ਆਰਥਿਕ ਸਹਿਯੋਗ ਦੇਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਖਾਸ ਅਧਿਕਾਰ ਹੋਵੇ ਪਰ ਅਸੀਂ ਅਫਗਾਨਿਸਤਾਨ 'ਚ ਨਾ ਤਾਂ ਭਾਰਤ ਦੀ ਕਿਸੇ ਵੀ ਰਾਜਨੀਤਕ ਜਾਂ ਫੌਜੀ ਭੂਮਿਕਾ ਨੂੰ ਦੇਖ ਰਹੇ ਹਾਂ ਅਤੇ ਨਾ ਹੀ ਸਵੀਕਾਰ ਕਰਦੇ ਹਾਂ। ਅਫਗਾਨਿਸਤਾਨ 'ਚ ਭਾਰਤ ਨੂੰ ਨਿਵੇਸ਼ਕ ਵਜੋਂ ਦੇਖਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ 'ਤੇ ਨਿਰਭਰ ਹੈ।
ਸਾਰੇ ਦੇਸ਼ਾਂ ਨੂੰ ਇਕ ਦੂਜੇ ਨਾਲ ਵਪਾਰ ਕਰਨ, ਨਿਵੇਸ਼ ਕਰਨ ਦਾ ਹੱਕ ਹੈ। ਇਸ ਲਈ ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ ਭਾਰਤ ਨੇ ਪਹਿਲਾਂ ਵੀ ਅਫਗਾਨਿਸਤਾਨ 'ਚ ਨਿਵੇਸ਼ ਕੀਤਾ। ਆਈ. ਐਸ. ਆਈ. ਦਰਮਿਆਨ ਸਬੰਧਾਂ ਵਾਲੇ ਸਵਾਲ ਨੂੰ ਅੱਬਾਸੀ ਨੇ ਸਿਰੇ ਤੋਂ ਰੱਦ ਕਰ ਦਿੱਤਾ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ 'ਚ ਅੱਤਵਾਦੀ ਖਤਰਾ ਪੈਦਾ ਕਰਨ ਜਾਂ ਹੋਰ ਮੁਲਕਾਂ 'ਚ ਇਸ ਨੂੰ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹੋਰ ਮੁਲਕ ਤੋਂ ਜ਼ਿਆਦਾ ਪਾਕਿਸਤਾਨ ਇਹ ਚਾਹੁੰਦਾ ਹੈ ਕਿ ਅਫਗਾਨਿਸਤਾਨ 'ਚ ਸ਼ਾਂਤੀ ਹੋਵੇ। ਅੱਬਾਸੀ ਨੇ ਕਿਹਾ ਕਿ ਇਹ ਧਾਰਨਾ ਹੈ ਕਿ ਉਥੇ (ਅੱਤਵਾਦੀਆਂ) ਦੀਆਂ ਪਨਾਹ ਵਾਲੀਆਂ ਥਾਵਾਂ ਹਨ, ਇਹ ਸਹੀ ਨਹੀਂ ਹੈ। ਅਸੀਂ ਆਪਣੀ ਹੀ ਜ਼ਮੀਨ 'ਤੇ ਦੁਸ਼ਮਣ ਨੂੰ ਹਰਾਇਆ ਹੈ। ਅਸੀਂ ਉਨ੍ਹਾਂ ਦੇ ਟਿਕਾਣੇ ਤਬਾਹ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ ਤੋਂ ਹਮਲੇ ਹੁੰਦੇ ਹਨ ਤਾਂ ਉਹ ਅਫਗਾਨਿਸਤਾਨ ਤੋਂ ਪਾਕਿਸਤਾਨ 'ਚ ਸਾਡੇ ਸੁਰੱਖਿਆ ਫੋਰਸਾਂ 'ਤੇ ਹਮਲੇ ਕਰਨ ਲਈ ਹੁੰਦੇ ਹਨ। ਪਾਕਿਸਤਾਨ 'ਚ ਅੱਤਵਾਦੀ ਸੰਗਠਨਾਂ ਅਤੇ ਹਾਫਿਜ਼ ਸਈਦ ਵਰਗੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੁੱਛੇ ਜਾਣ 'ਤੇ ਅੱਬਾਸੀ ਨੇ ਕਿਹਾ ਕਿ ਉਹ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧ ਰੱਖਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਸ ਖਿਲਾਫ ਕਾਰਵਾਈ ਕੀਤੀ ਹੈ। ਉਹ ਨਜ਼ਰਬੰਦੀ 'ਚ ਹੈ। ਹਾਲ ਹੀ 'ਚ ਹੋਈਆਂ ਉਪ ਚੋਣਾਂ 'ਚ ਉਮੀਦਵਾਰਾਂ ਨੇ ਪੋਸਟਰਾਂ 'ਤੇ ਉਸ ਦੀ ਫੋਟੋ ਲਗਾਈ, ਜੋ ਕਿ ਗੈਰਕਾਨੂੰਨੀ ਹੈ ਅਤੇ ਚੋਣ ਕਮਿਸ਼ਨ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰੇਗਾ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਾਰਵਾਈ ਕੀਤੀ ਅਤੇ ਜਿੱਥੇ ਜ਼ਰੂਰੀ ਹੋਵੇਗਾ ਉਥੇ ਕਾਰਵਾਈ ਕਰਾਂਗੇ। ਉਹ (ਸਈਦ) ਦੋ-ਤਿੰਨ ਸਾਲ ਤੋਂ ਹਿਰਾਸਤ 'ਚ ਹੈ। ਅੱਬਾਸੀ ਨੇ ਨਿਊਯਾਰਕ 'ਚ ਕੌਂਸਲ ਆਨ ਫਾਰੇਨ ਰਿਲੇਸ਼ੰਸ ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਪਾਕਿਸਤਾਨ ਮਤਭੇਦਾਂ ਦੇ ਬਾਵਜੂਦ ਅਮਰੀਕਾ ਨਾਲ ਸਬੰਧਾਂ ਨੂੰ ਹੋਰ ਅੱਗੇ ਵਧਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਜਿਹਾ ਸਬੰਧ ਹੈ, ਜੋ ਅਫਗਾਨਿਸਤਾਨ ਤੋਂ ਵੀ ਅੱਗੇ ਜਾਂਦੇ ਹਨ। ਇਹ 70 ਸਾਲ ਪੁਰਾਣੇ ਹਨ ਅਤੇ ਅਸੀਂ  ਇਸ ਨੂੰ ਉਨ੍ਹਾਂ ਸਬੰਧ 'ਚ ਦੇਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਸਬੰਧ ਅੱਗੇ ਵਧਣ ਅਤੇ ਇਸ ਕਾਰਵਾਈ 'ਚ ਅਸੀਂ ਕੋਈ ਅੜਿੱਕਾ ਨਹੀਂ ਦੇਖ ਰਹੇ ਹਾਂ।