ਨੀਟਾ ਮਾਛੀਕੇ ਦੀ ਸੰਪਾਦਿਤ ਪੁਸਤਕ ''ਮਨੁੱਖ ਦੀ ਮੌਤ'' ਲੋਕ ਅਰਪਿਤ

01/21/2020 1:23:16 PM

ਨਿਊਯਾਰਕ/ਫਰਿਜ਼ਨੋ (ਰਾਜ ਗੋਗਨਾ )— ਵਿਦੇਸ਼ਾਂ ਵਿੱਚ ਰਹਿੰਦਾ ਸਮੁੱਚਾ ਪੰਜਾਬੀ ਭਾਈਚਾਰਾ ਆਪਣੀ ਮਾਂ ਬੋਲੀ ਪ੍ਰਤੀ ਹਮੇਸ਼ਾ ਹੀ ਚਿੰਤਤ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬੀ ਭਾਸ਼ਾ ਵਿਦੇਸ਼ੀ ਸਕੂਲਾਂ ਵਿੱਚ ਵੀ ਮਾਨਤਾ ਪ੍ਰਾਪਤ ਕਰ ਚੁੱਕੀ ਹੈ ਅਤੇ ਬਹੁਤ ਸਾਰੇ ਪ੍ਰਵਾਸੀ ਲੇਖਕ ਇਸ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ। ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਰਹਿੰਦੇ ਹੋਏ ਲੇਖਕ ਅਤੇ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਵੱਲੋਂ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਦੀ ਸੰਪਾਦਤ ਪੁਸਤਕ ਆਪਣੀ ਪੰਜਾਬ ਫੇਰੀ ਦੌਰਾਨ 'ਮਨੁੱਖ ਦੀ ਮੌਤ' ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਲੋਕ ਅਰਪਿਤ ਕੀਤੀ ਗਈ। ਇਸ ਸਮੇਂ ਐੱਸ. ਡੀ. ਐੱਮ. ਅਤੇ ਸਾਹਿਤਕਾਰ ਰਾਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਪੁਸਤਕ ਜਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਐੱਸ. ਡੀ.ਐੱਮ. ਰਾਮ ਸਿੰਘ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ, ਮਾਸਟਰ ਦਰਬਾਰਾ ਸਿੰਘ, ਗੁਰਿੰਦਰਜੀਤ ਨੀਟਾ ਮਾਛੀਕੇ, ਪ੍ਰਿੰਸੀਪਲ ਅਮਨਦੀਪ ਵਾਤਿਸ਼ ਅਤੇ ਸਭਾ ਦੇ ਪ੍ਰਧਾਨ ਰਾਜਵਿੰਦਰ ਰੌਂਤਾ ਸੁਸ਼ੋਭਿਤ ਸਨ। ਪ੍ਰਸਿੱਧ ਗਾਇਕ ਕੁਲਦੀਪ ਭੱਟੀ ਦੇ ਚਰਚਿਤ ਗੀਤ, ਪੁੱਤਰੋ ਪੰਜਾਬੀਓ ਪੰਜਾਬੀ ਨਾ ਭੁਲਾਇਓ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪ੍ਰੋ. ਬੇਅੰਤ ਬਾਜਵਾ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਕਲਸੀ, ਮੰਗਲਮੀਤ ਰੌਤਾ ਨੇ ਮਾਛੀਕੇ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਮੋਬਾਇਲ ਯੁੱਗ ਵਿੱਚ ਪੁਸਤਕ ਸੱਭਿਆਚਾਰ ਨੂੰ ਹੋਰ ਪ੍ਰਫ਼ੁੱਲਤ ਕਰਨ ਦੀ ਵਿਸੇਸ਼ ਲੋੜ ਹੈ। ਇਹ ਗੁਣ ਨੀਟਾ ਵਰਗੇ ਥੋੜੇ ਬੰਦਿਆਂ ਹਿੱਸੇ ਆਉਂਦਾ ਹੈ। ਸਟੇਜ ਸੰਚਾਲਕ ਰਾਜਵਿੰਦਰ ਰੌਂਤਾ ਨੇ ਦੱਸਿਆ ਕਿ ਗੁਰਿੰਦਰਜੀਤ ਨੀਟਾ ਮਾਛੀਕੇ ਫ਼ਰਿਜ਼ਨੋ ਵਿੱਚ ਵੀ ਪੱਤਰਕਾਰਤਾ ਤੇ ਸਾਹਿਤ ਕਲਾ ਰਾਹੀਂ ਪੰਜਾਬੀ ਮਾਂ ਬੋਲੀ ਦਾ ਪਸਾਰ ਕਰ ਰਹੇ ਹਨ। ਪ੍ਰਿੰਸੀਪਲ ਅਮਨਦੀਪ ਵਾਤਿਸ਼ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਾਹਿਤਕ ਸਮਾਗਮ ਨਾਲ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਲਗਨ ਹੋਰ ਵਧੇਗੀ। ਵਿਦਵਾਨਾਂ ਦੇ ਵਿਚਾਰ ਮੋਮ ਵਰਗੇ ਮਨਾਂ ਤੇ ਕੁੱਝ ਹੋਰ ਲਿਖਣ-ਪੜ੍ਹਨ ਲਈ ਬੋਲ ਦਸਤਕ ਦੇਣਗੇ। ਇਸ ਦੌਰਾਨ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਗੁਰਿੰਦਰਜੀਤ ਨੀਟਾ ਮਾਛੀਕੇ ਵੱਲੋਂ ਸੰਪਾਦਤ ਪੁਸਤਕ ,'ਮਨੁੱਖ ਦੀ ਮੌਤ' ਪ੍ਰਧਾਨਗੀ ਮੰਡਲ ਵੱਲੋਂ ਜਾਰੀ ਕੀਤੀ ਗਈ। ਨੀਟਾ ਮਾਛੀਕੇ ਨੇ ਕਿਹਾ ਕਿ ਮੈਨੂੰ ਪੜ੍ਹਾਈ ਦੌਰਾਨ ਹੀ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਨੇ ਪ੍ਰਭਾਵਿਤ ਕੀਤਾ ਸੀ । ਅਣਖੀ ਦੀਆਂ ਕਹਾਣੀਆਂ ਲੋਕ ਮਨਾਂ ਤੇ ਪੇਂਡੂ ਪਿਛੋਕੜ ਨਾਲ ਜੁੜੀਆਂ ਹੋਈਆਂ ਹਨ ਮੈਂ ਤਾਂ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਫ਼ਰਜ਼ ਅਦਾ ਕੀਤਾ ਹੈ। ਮਾਂ ਦੇ ਦੁੱਧ ਦਾ ਕਰਜ਼ ਉਤਾਰਨ ਦਾ ਯਤਨ ਕਰ ਰਿਹਾ ਹਾਂ। ਮੁੱਖ ਮਹਿਮਾਨ ਰਾਮ ਸਿੰਘ ਐੱਸ.ਡੀ.ਐੱÎਮ.  ਨੇ ਨੀਟਾ ਮਾਛੀਕੇ , ਸਕੂਲ ਪ੍ਰਬੰਧਕਾਂ ਤੇ ਪੰਜਾਬੀ ਲੇਖਕ ਸਭਾ ਨੂੰ ਮੁਬਾਰਕਬਾਦ ਕਹਿੰਦਿਆਂ ਕਿਹਾ ਕਿ ਸਾਹਿਤ ਰੂਹ ਦੀ ਖੁਰਾਕ ਹੁੰਦੀ ਹੈ ਤੇ ਜੋ ਜੀਵਨ ਵਿੱਚ ਚਾਨਣ ਵੰਡਦਾ ਹੈ। ਗਾਇਕ ਜੀਤ ਜਗਜੀਤ ਨੇ ਮੈਂ ਤੇਰੇ ਕੁਰਬਾਨ ਕਾਫ਼ੀ ਪੇਸ਼ ਕੀਤੀ। ਇਸ ਸਮੇਂ ਡਾ ਸਿਮਰਜੀਤ ਧਾਲੀਵਾਲ, ਐਡਵੋਕੇਟ ਰਾਜੇਸ਼ ਸ਼ਰਮਾ,ਕਵੀ ਸੁਤੰਤਰ ਰਾਏ,ਡਾ ਗੁਰਮੇਲ ਮਾਛੀਕੇ,ਰਣਜੀਤ ਬਾਵਾ,ਮਿੰਟੂ ਖੁਰਮੀ,ਬਲਵਿੰਦਰ ਸਮਰਾ,ਕਰਨ ਭੀਖੀ,ਮਾ. ਦਵਿੰਦਰ ਸਿੰਘ ਰੰਗਕਰਮੀ, ਮਾ. ਖੋਸਾ,ਅੰਮ੍ਰਿਤਪਾਲ ਸੈਦੋ, ਤੇਜਵੰਤ ਬਿਲਾਸਪੁਰ ਕਨੇਡਾ,  ਸਤਪਾਲ ਭਾਗੀਕੇ, ਜੁਗਿੰਦਰ ਸਿੰਘ, ਸਰਬਜੀਤ ਰੌਲੀ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।  ਨੀਟੇ ਮਾਛੀਕੇ ਦੇ ਇਸ ਉੱਦਮ ਦੀ ਸਿਫਤ ਕਰਦੇ ਹੋਏ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ, ਗਾਇਕ ਅਵਤਾਰ ਗਰੇਵਾਲ, ਅਦਾਕਾਰ ਅਤੇ ਗਾਇਕ ਸੁਰਜੀਤ ਮਾਛੀਵਾੜਾ, ਗੀਤਕਾਰ ਗੈਰੀ ਢੇਸੀ, ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ ਨੇ ਵਧਾਈ ਦਿੱਤੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਨੀਟਾ ਮਾਛੀਕੇ ਇਸ ਤੋਂ ਪਹਿਲਾ ਵੀ ਤਿੰਨ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਇਹ ਉਸ ਦੀ ਚੌਥੀ ਪੁਸਤਕ ਹੈ। ਜੋ ਬਹੁਤ ਜਲਦ ਅਮਰੀਕਾ ਵਿੱਚ ਵੀ ਰਸਮੀਂ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ।


Related News