ਭਵਿੱਖ ਵਿਚ ਹੋਵੇਗਾ ਅਜਿਹੇ ਦਫਤਰਾਂ ਵਿਚ ਕੰਮਕਾਜ

08/22/2017 5:57:45 PM

ਕੈਲੀਫੋਰਨੀਆ— ਦੁਨੀਆ ਵਿਚ ਜਿਵੇਂ-ਜਿਵੇਂ ਕੰਮ ਕਰਨ ਦਾ ਤਰੀਕਾ ਬਦਲ ਰਿਹਾ ਹੈ, ਉਂਝ ਹੀ ਦਫਤਰਾਂ ਦਾ ਸਰੂਪ ਵੀ ਬਦਲ ਰਿਹਾ ਹੈ। ਹੌਲੀ-ਹੌਲੀ ਦਫਤਰ ਪੇਪਰਲੈੱਸ ਹੁੰਦੇ ਜਾ ਰਹੇ ਹਨ। ਉਨ੍ਹਾਂ ਦਾ ਇੰਟੀਰੀਅਰ ਵੀ ਬਦਲ ਰਿਹਾ ਹੈ। ਇਹ ਬਦਲਾਅ ਜਮਾਨੇ ਦੀਆਂ ਬਦਲਦੀਆਂ ਜ਼ਰੂਰਤਾਂ ਅਤੇ ਹਾਲਤਾਂ ਮੁਤਾਬਕ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਇਮਾਰਤਾਂ ਦਾ ਡਿਜ਼ਾਈਨ ਅਤੇ ਇੰਟੀਰੀਅਰ ਇਸ ਤਰ੍ਹਾਂ ਤੈਅ ਕੀਤਾ ਜਾ ਰਿਹਾ ਹੈ ਕਿ ਜਗ੍ਹਾ ਦੀ ਵਰਤੋਂ ਜ਼ਿਆਦਾ ਹੋਵੇ, ਊਰਜਾ ਘੱਟ ਤੋਂ ਘੱਟ ਖਰਚ ਹੋਵੇ ਅਤੇ ਬਿਜਲੀ ਦੀ ਲੋੜ ਘੱਟ ਪਵੇ।
ਇਸ ਤਰ੍ਹਾਂ ਦੇ ਹੋਣਗੇ ਭਵਿੱਖ ਦੇ ਦਫਤਰ
ਟੇਕ ਕੰਪਨੀਆਂ ਇਸ ਮਾਮਲੇ ਵਿਚ ਅੱਗੇ ਹਨ। ਐੱਪਲ ਦਾ ਨਵਾਂ ਦਫਤਰ ਚਰਚਾ ਵਿਚ ਰਿਹਾ ਹੈ। ਕੈਲੀਫੋਰਨੀਆ ਵਿਚ ਤਿਆਰ ਹੋ ਰਹੇ ਐੱਪਲ ਦੇ ਇਸ ਕੈਂਪਸ-2 ਦੀ ਲਾਗਤ 320 ਅਰਬ ਰੁਪਏ ਹੈ। ਗੂਗਲ, ਫੇਸਬੁੱਕ ਜਿਹੀਆਂ ਕੰਪਨੀਆਂ ਵੀ ਆਪਣੇ ਦਫਤਰ ਵਿਚ ਬਦਲਾਅ ਕਰ ਕੇ ਉਸ ਨੂੰ ਵਾਤਵਾਰਣ ਦੇ ਜ਼ਿਆਦਾ ਅਨੁਕੂਲ ਬਣਾ ਰਹੀਆਂ ਹਨ।
ਲੰਡਨ ਦਾ ਸਿਟੀ ਹਾਲ ਅਤੇ ਐੱਪਲ ਦਾ ਨਵਾਂ ਕੈਂਪਸ ਡਿਜ਼ਾਈਨ ਕਰਨ ਵਾਲੇ ਲਾਰਡ ਨੌਰਮਨ ਫੋਸਟਰ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਦਫਤਰ ਹਰ ਮਾਮਲੇ ਵਿਚ ਗ੍ਰੀਨਰ (ਵਾਤਾਵਰਣ ਦੇ ਅਨੁਕੂਲ) ਹੋਣਗੇ। ਹੁਣ ਨਵੇਂ ਦਫਤਰਾਂ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਿਚ ਹਵਾ, ਰੋਸ਼ਨੀ, ਕੂਲਿੰਗ ਆਦਿ ਲਈ ਜ਼ਿਆਦਾ ਬਿਜਲੀ ਦੀ ਜ਼ਰੂਰਤ ਨਾ ਪਵੇ ਅਤੇ ਜ਼ਿਆਦਾ ਕੰਮ ਕੁਦਰਤੀ ਤਰੀਕਿਆਂ ਨਾਲ ਹੋ ਜਾਵੇ। 
ਇੰਡੀਅਨ ਡਿਜ਼ਾਈਨ ਫਰਮ ਸਟੂਡੀਓ ਸਿਮਬਾਇਓਸਿਸ ਵੀ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ। ਉਸ ਨੇ ਭਾਰਤ ਅਤੇ ਦੱਖਣੀ ਏਸ਼ੀਆ ਵਿਚ ਕਈ ਪ੍ਰੋਜੈਕਟਾਂ ਲਈ ਆਈਕੌਨਿਕ ਡਿਜ਼ਾਈਨ ਤਿਆਰ ਕੀਤੇ ਹਨ। ਉੱਪਰ ਦਿੱਤੀ ਗਈ ਤਸਵੀਰ ਬਾਉਲੀ ਵਿਚ ਦਫਤਰ ਦੀ ਧਾਰਨਾ ਉਸ ਡਿਜ਼ਾਈਨ ਸੰਬੰਧੀ ਹੀ ਹੈ।