ਚੀਨ ਨੇ ਭਾਰਤੀ ਸਰਹੱਦ ਨੇੜੇ ਬਣਾਇਆ ਮਨੁੱਖ ਰਹਿਤ ਮੌਸਮ ਨਿਗਰਾਨੀ ਕੇਂਦਰ

07/17/2018 10:14:38 PM

ਬੀਜਿੰਗ— ਚੀਨ ਨੇ ਅਰੁਣਾਚਲ ਪ੍ਰਦੇਸ਼ ਸਰਹੱਦ ਦੇ ਨੇੜੇ ਤਿੱਬਤ 'ਚ ਮਨੁੱਖ ਰਹਿਤ ਮੌਸਮ ਨਿਗਰਾਨੀ ਕੇਂਦਰ ਦੀ ਸਥਾਪਨਾ ਕੀਤੀ ਹੈ। ਮੀਡੀਆ ਰਿਪੋਰਟਸ ਮੁਤਾਬਕ 'ਖੇਤਰੀ ਸੰਘਰਸ਼' ਦੀ ਸਥਿਤੀ 'ਚ ਦੇਸ਼ ਦੀ ਫੌਜ, ਜਹਾਜ਼ਾਂ ਤੇ ਮਿਜ਼ਾਇਲਾਂ ਦੇ ਸੰਚਾਲਨ 'ਚ ਮੌਸਮ ਸਬੰਧੀ ਮਦਦ ਦੇ ਲਈ ਚੀਨ ਵਲੋਂ ਇਸ ਸਟੇਸ਼ਨ ਦੀ ਸਥਾਪਨਾ ਕੀਤੀ ਗਈ ਹੈ।
ਗਲੋਬਲ ਟਾਈਮਸ ਦੀ ਖਬਰ ਮੁਤਾਬਕ ਤਿੱਬਤ ਦੇ ਸ਼ਾਨਨਾਨ ਦੇ ਇਲਾਕੇ ਲਹੁੰਜੇ ਦੇ ਯੁਮਈ 'ਚ ਇਸ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ। ਤਿੱਬਤ ਮੌਸਮ ਬਿਊਰੋ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਇਹ ਕੇਂਦਰ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਮੌਸਮ ਸਬੰਧੀ ਅਹਿਮ ਮਦਦ ਮੁਹੱਈਆ ਕਰਾਏਗਾ। ਉਸ 'ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਉਹ ਸਰਹੱਦ ਦੇ ਵਿਕਾਸ, ਫੌਜੀਆਂ ਤੇ ਨਾਗਰਿਕਾਂ 'ਚ ਏਕਤਾ ਸਥਾਪਿਤ ਕਰਨ 'ਚ ਮਦਦਗਾਰ ਸਾਬਿਤ ਹੋਵੇਗਾ। 9 ਘਰਾਂ ਤੇ 32 ਨਾਗਰਿਕਾਂ ਦੀ ਰਿਹਾਇਸ਼ ਵਾਲਾ ਯੁਮਈ ਆਬਾਦੀ ਦੇ ਲਿਹਾਜ਼ ਨਾਲ ਚੀਨ ਦੀ ਸਭ ਤੋਂ ਛੋਟੀ ਟਾਊਨਸ਼ਿਪ ਹੈ।
ਇਸ ਸਟੇਸ਼ਨ ਦੇ ਇਕ ਟੈਕਨੀਸ਼ੀਅਨ ਤਾਸ਼ੀ ਨੋਰਬੂ ਨੇ ਦੱਸਿਆ ਕਿ ਇਹ ਸਟੇਸ਼ਨ ਏਅਰ ਟੈਂਪਰੇਚਰ, ਏਅਰ ਪ੍ਰੈਸ਼ਰ, ਹਵਾ ਦੀ ਗਤੀ, ਦਿਸ਼ਾ, ਹੁੰਮਸ ਤੇ ਮੀਂਹ ਵਰਗੀਆਂ ਚੀਜ਼ਾਂ ਦੇ ਬਾਰੇ 'ਚ ਜਾਣਕਾਰੀ ਦੇਣ 'ਚ ਸਮਰਥ ਹੋਵੇਗਾ। ਇਸ ਦੇ ਨਾਲ ਹੀ ਤਾਸ਼ੀ ਨੇ ਕਿਹਾ ਕਿ ਇਹ ਯੁਮਈ ਸਰਹੱਦ 'ਤੇ ਸਥਿਤ ਹੈ ਇਸ ਲਈ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਇਹ ਸਟੇਸ਼ਨ ਆਵਾਜਾਈ ਤੇ ਸੰਚਾਰ ਨਾਲ ਜੁੜੇ ਡਾਟਾ ਮੁਹੱਈਆ ਕਰਵਾਉਣ 'ਚ ਵੀ ਮਦਦ ਕਰੇਗਾ।
ਚੀਨ ਦੇ ਇਕ ਮਿਲਟਰੀ ਐਕਸਪਰਟ ਨੇ ਦੱਸਿਆ ਕਿ ਖੇਤਰੀ ਮੌਸਮ ਯੁੱਧ ਦੌਰਾਨ ਏਅਰਕ੍ਰਾਫਟਜ਼ ਦੀ ਲੈਂਡਿੰਗ ਤੇ ਟੇਕ-ਆਫ ਤੇ ਮਿਜ਼ਾਇਲ ਦੇ ਲਾਂਚ ਦੇ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਅਜਿਹੇ 'ਚ ਛੋਟੇ ਮੌਸਮ ਕੇਂਦਰ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ।