ਭਾਰਤ ਨੇ UN ''ਚ ਫਿਰ ਖੋਲੀ ਪਾਕਿ ਦੀ ਪੋਲ, ਕਿਹਾ- ਫੈਲਾਇਆ ਜਾ ਰਿਹੈ ਗਲਤ ਏਜੰਡਾ

10/11/2019 2:55:05 PM

ਜਿਨੇਵਾ— ਸੰਯੁਕਤ ਰਾਸ਼ਟਰ 'ਚ ਬੱਚਿਆਂ ਦੇ ਅਧਿਕਾਰ 'ਤੇ ਵੀਰਵਾਰ ਨੂੰ ਬਹਿਸ ਹੋਈ, ਜਿਸ 'ਚ ਭਾਰਤ ਨੇ ਪਾਕਿਸਤਾਨ ਦੀ ਪੋਲ ਖੋਲ ਦਿੱਤੀ। ਭਾਰਤ ਵਲੋਂ ਪਾਕਿਸਤਾਨ 'ਤੇ ਜੰਮੂ-ਕਸ਼ਮੀਰ 'ਚ ਬੱਚਿਆਂ ਨੂੰ ਲੈ ਕੇ ਅਫਵਾਹ ਫੈਲਾਉਣ ਦਾ ਦੋਸ਼ ਲਗਾਇਆ ਹੈ। ਭਾਰਤ ਵਲੋਂ ਸੰਯੁਕਤ ਰਾਸ਼ਟਰ 'ਚ ਫਸਟ ਸੈਕੇਟਰੀ ਪਾਲੋਮੀ ਤ੍ਰਿਪਾਠੀ ਨੇ ਪਾਕਿਸਤਾਨ ਦੇ ਫੇਕ ਏਜੰਡੇ ਨੂੰ ਉਜਾਗਰ ਕੀਤਾ।

ਸੰਯੁਕਤ ਰਾਸ਼ਟਰ 'ਚ ਇਸ ਮਸਲੇ 'ਤੇ ਹੋਇਆ ਇਹ ਤੀਜਾ ਸੈਸ਼ਨ ਸੀ, ਜਿਸ 'ਚ ਭਾਰਤ ਦੀ ਪਾਲੋਮੀ ਤ੍ਰਿਪਾਠੀ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਇਥੇ ਇਕ ਦੇਸ਼ ਵਲੋਂ ਗਲਤ ਏਜੰਡਾ ਫੈਲਾਇਆ ਜਾ ਰਿਹਾ ਹੈ, ਜਿਸ ਦਾ ਸਬੰਧ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਹੈ। ਅਸਲ 'ਚ ਪਾਕਿਸਤਾਨ ਵਲੋਂ ਮਲੀਹਾ ਲੋਧੀ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ 'ਚ ਬੱਚਿਆਂ ਦੀ ਹਾਲਤ ਤੇ ਮਨੁੱਖੀ ਅਧਿਕਾਰ ਉਲੰਘਣ ਦਾ ਮੁੱਦਾ ਚੁੱਕਿਆ ਗਿਆ ਸੀ।

ਭਾਰਤ ਵਲੋਂ ਤ੍ਰਿਪਾਠੀ ਨੇ ਕਿਹਾ ਕਿ ਜੋ ਦੇਸ਼ ਆਪਣੇ ਇਥੇ ਬੱਚਿਆਂ ਨੂੰ ਹਿੰਸਕ ਸਿੱਖਿਆ ਦਿੰਦਾ ਹੈ ਤੇ ਬਾਅਦ 'ਚ ਉਨ੍ਹਾਂ ਨੂੰ ਅੱਤਵਾਦੀ ਸੰਗਠਨ 'ਚ ਭੇਜਿਆ ਜਾਂਦਾ ਹੈ, ਉਹ ਨਾ ਸਿਰਫ ਆਪਣੇ ਬੱਚਿਆਂ ਬਲਕਿ ਦੁਨੀਆ ਦਾ ਭਵਿੱਖ ਖਰਾਬ ਕਰ ਰਿਹਾ ਹੈ। ਜੇਕਰ ਇਹ ਬੱਚਿਆਂ ਦੇ ਅਧਿਕਾਰਾਂ ਦਾ ਘਾਣ ਨਹੀਂ ਹੈ ਤਾਂ ਹੋਰ ਕੀ ਹੈ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਵਲੋਂ ਗਲਤ ਦਸਤਾਵੇਜ਼ਾਂ ਨੂੰ ਪੇਸ਼ ਕੀਤੇ ਜਾਣ ਦੀ ਵੀ ਗੱਲ ਸਾਹਮਣੇ ਰੱਖੀ।

ਭਾਰਤ ਵਲੋਂ ਇਸ ਦੌਰਾਨ ਦੇਸ਼ ਦੇ ਬੱਚਿਆਂ, ਲੜਕੀਆਂ ਦੇ ਲਈ ਚਲਾਏ ਜਾ ਰਹੇ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ ਤੇ ਉਨ੍ਹਾਂ ਦੇ ਮਹੱਤਵ ਨੂੰ ਅੰਕੜਿਆਂ ਦੇ ਨਾਲ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ ਨੇ ਕਈ ਵਾਰ ਪਾਕਿਸਤਾਨ ਦੇ ਝੂਠ ਨੂੰ ਇਸੇ ਤਰ੍ਹਾਂ ਸੰਯੁਕਤ ਰਾਸ਼ਟਰ ਦੇ ਸਾਹਮਣੇ ਰੱਖਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਵਲੋਂ ਸੀਰੀਆ ਦੀਆਂ ਤਸਵੀਰਾਂ ਨੂੰ ਜੰਮੂ-ਕਸ਼ਮੀਰ ਦੀਆਂ ਦੱਸ ਕੇ ਝੂਠਾ ਏਜੰਡਾ ਚਲਾਉਣ ਦਾ ਕੰਮ ਕੀਤਾ ਗਿਆ ਸੀ ਪਰ ਭਾਰਤ ਨੇ ਉਸ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ।


Baljit Singh

Content Editor

Related News