ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨੂੰ ਪਿਆ ਦਿਲ ਦਾ ਦੌਰਾ

06/15/2018 12:14:35 PM

ਲੰਡਨ/ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਉਹ ਬ੍ਰਿਟੇਨ ਵਿਚ ਹੈ, ਜਿੱਥੇ ਗਲੇ ਦੇ ਕੈਂਸਰ ਦੀ ਸਰਜਰੀ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਨਵਾਜ਼ ਦੀ ਧੀ ਮਰੀਅਮ ਨਵਾਜ਼ ਨੇ ਦੱਸਿਆ ਕਿ ਕੱਲ ਦੇਰ ਰਾਤ ਕੁਲਸੁਮ (68) ਦੀ ਹਾਲਤ ਹੋਰ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਦੇ ਹਸਪਤਾਲ ਦੀ ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ) ਵਿਚ ਰੱਖਿਆ ਗਿਆ। ਮਰੀਅਮ ਨੇ ਟਵੀਟ ਕੀਤਾ, 'ਅਸੀਂ ਜਹਾਜ਼ ਵਿਚ ਸੀ ਜਦੋਂ ਅੰਮੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਹ ਆਈ.ਸੀ.ਯੂ. ਵਿਚ ਹੈ ਅਤੇ ਉਦੋਂ ਤੋਂ ਹੀ ਵੈਂਟੀਲੇਟਰ 'ਤੇ ਹੈ।' ਆਪਣੇ ਪਿਤਾ ਨਾਲ ਲੰਡਨ ਪੁੱਜੀ ਮਰੀਅਮ ਨੇ ਸ਼ੁੱਭਚਿੰਤਕਾਂ ਨੂੰ ਆਪਣੀ ਮਾਂ ਲਈ ਦੁਆਵਾਂ ਕਰਨ ਦੀ ਬੇਨਤੀ ਕੀਤੀ।


ਇਕ ਅਖਬਾਰ ਦੀ ਖਬਰ ਮੁਤਾਬਕ ਕੁਲਸੁਮ ਨੂੰ ਬੁੱਧਵਾਰ ਨੂੰ ਫਿਰ ਤੋਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਹਾਲਤ ਅਚਾਨਕ ਹੀ ਖਰਾਬ ਹੋ ਗਈ ਅਤੇ ਰਾਤ ਨੂੰ ਹੀ ਉਨ੍ਹਾਂ ਨੂੰ ਹਸਪਤਾਲ ਦੀ ਐਮਰਜੈਂਸੀ ਇਕਾਈ ਵਿਚ ਲਿਜਾਇਆ ਗਿਆ। ਉਦੋਂ ਤੋਂ ਉਨ੍ਹਾਂ ਨੂੰ ਹੋਸ਼ ਨਹੀਂ ਆਇਆ ਹੈ। ਨਵਾਜ਼ ਦੇ ਬੇਟੇ ਹੁਸੈਨ ਨਵਾਜ਼ ਨੇ ਵੀ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਾਂ ਲਈ ਦੁਆਵਾ ਕਰਨ। ਨਵਾਜ਼ ਦੇ ਭਰਾ ਸ਼ਹਿਬਾਜ਼ ਸ਼ਰੀਫ ਨੇ ਵੀ ਟਵੀਟ ਕੀਤਾ, 'ਰਮਜਾਨ ਦਾ ਪਵਿੱਤਰ ਮਹੀਨਾ ਖਤਮ ਹੋਣ ਜਾ ਰਿਹਾ ਹੈ, ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਲਈ ਮੇਰੇ ਨਾਲ ਪ੍ਰਾਰਥਨਾ ਕਰਨ। ਪ੍ਰਾਰਥਨਾ ਦੀ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ।' ਨਵਾਜ਼ ਅਤੇ ਉਨ੍ਹਾਂ ਦੀ ਧੀ ਮਰੀਅਮ ਕੱਲ ਕੁਲਸੁਮ ਨੂੰ ਮਿਲਣ ਲਈ ਲੰਡਨ ਰਵਾਨਾ ਹੋ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਨਵਾਜ਼ ਵਿਰੁੱਧ ਜੁਲਾਈ ਤੋਂ ਮੁਕੱਦਮਾ ਚੱਲ ਰਿਹਾ ਹੈ, ਜਿਸ ਕਾਰਨ ਹਾਲ ਹੀ ਦੇ ਹਫਤਿਆਂ ਵਿਚ ਉਹ ਲੰਡਨ ਨਹੀਂ ਜਾ ਸਕੇ ਸਨ।