''ਸੱਜਣ'' ''ਤੇ ਕੈਪਟਨ ਵੱਲੋਂ ਕੀਤੀ ਟਿੱਪਣੀ ''ਤੇ ਕੈਨੇਡੀਅਨ ਮੰਤਰੀ ਨਵਦੀਪ ਬੈਂਸ ਨੇ ਤੋੜੀ ਚੁੱਪੀ

05/07/2017 11:28:40 AM

ਟੋਰਾਂਟੋ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ''ਖਾਲਿਸਤਾਨੀ ਸਮਰਥਕ'' ਦੱਸ ਕੇ ਮਿਲਣ ਤੋਂ ਇਨਕਾਰ ਕੀਤੇ ਜਾਣ ਵਾਲੀ ਟਿੱਪਣੀ ''ਤੇ ਹੁਣ ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਸਿੱਖ ਮੰਤਰੀਆਂ ਨੂੰ ''ਖਾਲਿਸਤਾਨੀ ਸਮਰਥਕ'' ਦੱਸ ਕੇ ਨਾ ਮਿਲਣਾ ਕੈਪਟਨ ਦਾ ਨਿੱਜੀ ਫੈਸਲਾ ਹੈ ਪਰ ਕੇਂਦਰ ਸਰਕਾਰਾਂ ਦੇ ਪੱਧਰ ''ਤੇ ਕੈਨੇਡਾ ਅਤੇ ਭਾਰਤ ਦੇ ਸੰਬੰਧ ਬੜੇ ਸੁਖਾਵੇਂ ਹਨ ਅਤੇ ਦੋਹਾਂ ਦੇਸ਼ਾਂ ਦੇ ਲੋਕ ਆਪਸੀ ਮੇਲ-ਮਿਲਾਪ ਵਧਾਉਣ ਦੇ ਹੱਕ ਵਿਚ ਹਨ। 
ਬੈਂਸ ਕੈਨੇਡਾ ਦੇ ਸਾਇੰਸ, ਇਕਨਾਮਿਕ ਡੈਵਲਪਮੈਂਟ ਅਤੇ ਨਵੀਨਤਾ ਬਾਰੇ ਮੰਤਰੀ ਹਨ। ਉਨ੍ਹਾਂ ਨੇ ਇਹ ਸਾਰੀਆਂ ਗੱਲਾਂ ਭਾਰਤ ਤੋਂ ਅਗਲੇ ਮਹੀਨੇ ਕੈਨੇਡਾ ਪੁੱਜ ਰਹੇ 150 ਉਦਯੋਗਪਤੀਆਂ ਅਤੇ ਕਾਰੋਬਾਰੀਆਂ ਬਾਰੇ ਇਕ ਇੰਟਰਵਿਊ ਦੌਰਾਨ ਦੱਸਦੇ ਹੋਏ ਕਹੀਆਂ। ਉੁਨ੍ਹਾਂ ਕਿਹਾ ਕਿ ਵਪਾਰੀਆਂ ਦਾ ਇਹ ਵਫਦ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਅਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਆ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ, ਪੰਜਾਬ ਨਾਲ ਸੰਬੰਧ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ ਕਿਉਂਕਿ ਕੈਨੇਡਾ ਵਿਚ ਰਹਿੰਦੇ ਪੰਜਾਬੀ ਮੂਲ ਦੇ ਲੋਕ ਆਪਣੀ ਜਨਮ ਭੂਮੀ ਨਾਲ ਜੁੜੇ ਹੋਏ ਹਨ ਅਤੇ ਲੰਘੇ ਡੇਢ ਸਾਲ ਤੋਂ ਅੱਧੀ ਦਰਜਨ ਦੇ ਕਰੀਬ ਕੈਨੇਡੀਅਨ ਮੰਤਰੀ ਭਾਰਤ ਫੇਰੀ ਦੌਰਾਨ ਪੰਜਾਬ ਜ਼ਰੂਰ ਗਏ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪੰਜਾਬੀ, ਪੰਜਾਬ ਜਾਂਦੇ ਰਹਿਣਗੇ।

Kulvinder Mahi

This news is News Editor Kulvinder Mahi