ਨੈਸ਼ਵਿਲ ਧਮਾਕਾ : ਇਨ੍ਹਾਂ 6 ਪੁਲਸ ਵਾਲਿਆਂ ਕਾਰਨ ਬਚੀਆਂ ਕਈ ਜ਼ਿੰਦਗੀਆਂ

12/28/2020 9:37:50 AM

ਫਰਿਜ਼ਨੋ,(ਗੁਰਿੰਦਰਜੀਤ ਨੀਟਾ ਮਾਛੀਕੇ)- ਕ੍ਰਿਸਮਸ ਵਾਲੇ ਦਿਨ ਨੈਸ਼ਵਿਲ "ਚ ਹੋਏ ਬੰਬ ਧਮਾਕੇ ਤੋਂ ਪਹਿਲਾਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਲਾਕੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾਉਣ ਵਾਲੇ ਅਧਿਕਾਰੀਆਂ ਦੇ ਨਾਮ ਪੁਲਸ ਵਿਭਾਗ ਵਲੋਂ ਸਾਹਮਣੇ ਲਿਆਂਦੇ ਗਏ ਹਨ।

ਨੈਸ਼ਵਿਲ ਦੇ ਮੇਅਰ ਜੌਨ ਕੂਪਰ ਨੇ ਤੁਰੰਤ ਕਾਰਵਾਈ ਕਰਨ ਵਾਲੇ ਛੇ ਪੁਲਸ ਅਧਿਕਾਰੀਆਂ ਨੂੰ ਹੀਰੋ ਦੱਸਦਿਆਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ, ਜਿਨ੍ਹਾਂ ਨੇ ਨੈਸ਼ਵਿਲ ਵਿਚ ਇਮਾਰਤਾਂ ਨੂੰ ਖਾਲੀ ਕਰਵਾ ਕੇ ਕ੍ਰਿਸਮਿਸ ਦੀ ਸਵੇਰ ਕਈ ਜਾਨਾਂ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਇਆ ਹੈ।

ਮੈਟਰੋਪੋਲੀਟਨ ਨੈਸ਼ਵਿਲ ਪੁਲਸ ਵਿਭਾਗ ਨੇ ਜਿਨ੍ਹਾਂ ਛੇ ਅਫਸਰਾਂ ਦੀ ਪਛਾਣ ਕੀਤੀ ਹੈ, ਉਨ੍ਹਾਂ ਵਿਚ ਬਰੇਨਾ ਹੋਸੀ, ਜੇਮਜ਼ ਵੇਲਸ, ਜੇਮਜ਼ ਲੂਲੇਨ, ਟਿਮੋਥੀ ਮਿਲਰ, ਮਾਈਕਲ ਸਿਪੋਸ ਅਤੇ ਅਮੰਡਾ ਟਾਪਿੰਗ ਆਦਿ ਸ਼ਾਮਲ ਹਨ। ਇਹ ਅਧਿਕਾਰੀ ਇਲਾਕੇ ਵਿਚ ਗੜਬੜ ਹੋਣ ਦੀ ਸੂਚਨਾ ਮਿਲਦੇ ਸਵੇਰੇ 6 ਵਜੇ ਤੋਂ ਬਾਅਦ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਆਰ. ਵੀ. ਰਾਹੀਂ ਇਲਾਕੇ ਨੂੰ ਖਾਲੀ ਕਰਵਾਉਣ ਦੀ ਰਿਕਾਰਡ ਕੀਤੀ ਚਿਤਾਵਨੀ ਮਿਲਦਿਆਂ ਤੁਰੰਤ ਦਰਵਾਜ਼ੇ ਖੜਕਾ ਕੇ ਅਤੇ ਵਸਨੀਕਾਂ ਨੂੰ ਇਮਾਰਤਾਂ ਵਿੱਚੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਸੰਬੰਧੀ ਮੈਟਰੋ ਪੁਲਸ ਦੇ ਮੁਖੀ ਜੋਹਨ ਡ੍ਰੈਕ ਅਨੁਸਾਰ ਇਨ੍ਹਾਂ ਅਧਿਕਾਰੀਆਂ ਨੇ ਅੱਜ ਕਈ ਜਾਨਾਂ ਬਚਾਈਆਂ ਹਨ ਜਦਕਿ ਇਸ ਧਮਾਕੇ ਵਿਚ ਸਿਰਫ ਤਿੰਨ ਲੋਕ ਜ਼ਖ਼ਮੀ ਹੋਏ ਹਨ ਅਤੇ ਨੇੜਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਜੇਕਰ ਇਹ ਸਮੇਂ ਸਿਰ ਕਾਰਵਾਈ ਨਾ ਕਰਦੇ ਤਾਂ ਸ਼ਾਇਦ ਕਈ ਜ਼ਿੰਦਗੀਆਂ ਖਤਮ ਹੋ ਜਾਂਦੀਆਂ। 

Lalita Mam

This news is Content Editor Lalita Mam