ਵਿਗਿਆਨੀਆਂ ਨੇ ਬਣਾਈ ਚਮੜੀ 'ਚ ਘੁਲਣ ਵਾਲੀ ਪੱਟੀ

01/16/2019 2:52:57 PM

ਮਾਸਕੋ(ਏਜੰਸੀ)— ਵਿਗਿਆਨੀਆਂ ਨੇ ਅਜਿਹੀ ਐਂਟੀਬੈਕਟੀਰੀਅਲ ਬੈਂਡੇਜ (ਪੱਟੀ) ਬਣਾਈ ਹੈ ਜੋ ਚਮੜੀ ਨੂੰ ਤੇਜ਼ੀ ਨਾਲ ਠੀਕ ਕਰਨ ਦੇ ਨਾਲ-ਨਾਲ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ। ਲੰਬੇ ਸਮੇਂ ਤਕ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਕ ਵਾਰ ਇਸ ਨੂੰ ਲਗਾਉਣ ਮਗਰੋਂ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਬਾਇਓਡਿਗ੍ਰੇਡੇਬਲ ਹੈ ਜੋ ਹੌਲੀ-ਹੌਲੀ ਚਮੜੀ 'ਚ ਘੁਲ ਜਾਂਦੀ ਹੈ। ਇਸ ਨੂੰ ਮਾਸਕੋ ਦੀ 'ਰਾਸ਼ਟਰੀ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ' ਅਤੇ ਚੈੱਕ ਰੀਪਬਲਿਕ ਦੀ 'ਬਰਨੋ ਯੂਨੀਵਰਸਿਟੀ ਆਫ ਤਕਨਾਲੋਜੀ' ਨੇ ਮਿਲ ਕੇ ਤਿਆਰ ਕੀਤਾ ਹੈ।

ਖੋਜਕਾਰ ਐਲਿਜਵੇਟਾ ਦਾ ਕਹਿਣਾ ਹੈ ਕਿ ਬੈਂਡੇਜ ਨੂੰ ਪਾਲੀਕਾਪਰੋਲੇਕਟੋਨ ਨੈਨੋਫਾਈਬਰ ਨਾਲ ਬਣਾਇਆ ਗਿਆ ਹੈ। ਇਸ ਦੇ ਫਾਈਬਰ 'ਚ ਜੈਂਟਾਮਾਇਸਨ ਮੌਜੂਦ ਹਨ। ਇਹ ਬੈਂਡੇਜ ਹੌਲੀ-ਹੌਲੀ ਗਲ ਕੇ ਚਮੜੀ 'ਚ ਘੁਲ ਜਾਂਦੀ ਹੈ। ਇਸ ਨੂੰ ਲਗਾਉਣ ਦੇ 48 ਘੰਟਿਆਂ ਦੇ ਅੰਦਰ ਹੀ ਬੈਕਟੀਰੀਆ ਦੀ ਗਿਣਤੀ 'ਚ ਤੇਜ਼ੀ ਨਾਲ ਕਮੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੱਡੀਆਂ 'ਤੇ ਪਈ ਸੋਜ 'ਚ ਵੀ ਕਮੀ ਆਉਂਦੀ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਜ਼ਖਮ ਹੋਣ ਦੀ ਸਥਿਤੀ 'ਚ ਐਂਟੀਸੈਪਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਖਤਰਨਾਕ ਕੀਟਾਣੂਆਂ ਨੂੰ ਖਤਮ ਕਰਨ ਦੇ ਨਾਲ-ਨਾਲ ਸਰੀਰ ਨੂੰ ਫਾਇਦਾ ਪਹੁੰਚਾਉਣ ਵਾਲੇ ਬੈਕਟੀਰੀਆ ਨੂੰ ਵੀ ਖਤਮ ਕਰ ਦਿੰਦਾ ਹੈ। ਜ਼ਖਮ ਦੀ ਪੱਟੀ ਦੋਬਾਰਾ ਕਰਨ ਸਮੇਂ ਦਰਦ ਵੀ ਹੁੰਦਾ ਹੈ ਪਰ ਇਸ ਨੂੰ ਲਗਾਉਣ ਮਗਰੋਂ ਤੁਹਾਨੂੰ ਵਾਰ-ਵਾਰ ਪੱਟੀ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ।