ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਜਿਆ ''ਵਿਸ਼ਾਲ ਨਗਰ ਕੀਰਤਨ''

09/03/2019 2:17:28 PM

ਰੋਮ (ਕੈਂਥ)— ਸਿੱਖ ਸੰਗਤਾਂ ਦੇ ਮਾਰਗ ਦਰਸ਼ਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਦੁਨੀਆਭਰ ਵਿੱਚ ਸ਼ਰਧਾ-ਭਾਵਨਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਇਟਲੀ ਵਿੱਚ ਵੀ ਇਸ ਮਹਾਨ ਤੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ । ਇਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ,ਰਾਗੀ, ਢਾਡੀ, ਕਵੀਸ਼ਰ ਤੇ ਕਥਾ ਵਾਚਕ ਸੰਗਤਾਂ ਨੂੰ ਮਹਾਨ ਸਿੱਖ ਧਰਮ ਦੇ ਗੌਰਵਮਈ ਤੇ ਲਾਸਾਨੀ ਇਤਿਹਾਸ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦਾ ਇਤਿਹਾਸ ਸਰਵਣ ਕਰਵਾਇਆ।

ਨਗਰ ਕੀਰਤਨ 'ਚ ਸੰਨਵੀਨੋ, ਸਬਾਊਦੀਆ, ਲਵੀਨੀਓ, ਚਿਸਤੇਰਨਾ ਦੀ ਲਾਤੀਨਾ, ਵਿਲੇਤਰੀ, ਰੋਮ, ਤੇਰਨੀ, ਫੌਂਦੀ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਤੋਂ ਸੰਗਤਾਂ ਪਹੁੰਚੀਆਂ। ਪਵਿੱਤਰ ਦਿਹਾੜੇ ਮੌਕੇ 'ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਦਸਤਾਰ ਲਹਿਰ ਇੰਟਰਨੈਸ਼ਨਲ ਪੰਥਕ ਦਲ', ਰੋਮ ਵਲੋਂ ਮੁਫਤ ਦਸਤਾਰ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਨੰਨੇ-ਮੁੰਨੇ ਪੰਜਾਬੀ ਬੱਚਿਆਂ ਨੇ ਵੀ ਦਸਤਾਰਾਂ ਸਜਾਈਆਂ। ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਤੋਂ ਸ਼ੁਰੂ ਹੋਇਆ ਸੀ। ਭਾਰਤੀ ਅੰਬੈਸੀ ਰੋਮ ਦੇ ਅੰਬੈਸਡਰ ਮੈਡਮ ਰੀਨਤ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਅਜਿਹਾ ਗ੍ਰੰਥ ਹੈ, ਜਿਸ ਵਿਚ ਨਾ ਸਿਰਫ ਸਿੱਖ ਗੁਰੂਆਂ ਦੀ ਬਾਣੀ ਲਿਖੀ ਹੈ ਸਗੋਂ ਕਈ ਹੋਰ ਸੰਤਾਂ ਅਤੇ ਮਹਾਂਪੁਰਖਾਂ ਦੀ ਬਾਣੀ ਵੀ ਹੈ ਜਿਵੇਂ ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਕਬੀਰ ਜੀ ਅਤੇ ਬਾਬਾ ਫਰੀਦ ਜੀ ਅਤੇ ਇਨ੍ਹਾਂ ਮਹਾਂਪੁਰਖਾਂ ਨੇ ਸਮੁੱਚੀ ਕਾਇਨਾਤ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਦੇਸ਼ ਤੋਂ ਇੰਨੀ ਦੂਰ ਰਹਿ ਕੇ, ਮਿਹਨਤ ਦੀ ਕਮਾਈ ਕਰ ਕੇ, ਆਪਣੀ ਕੌਮ ਤੇ ਆਪਣੇ ਦੇਸ਼ ਦਾ ਨਾਂ ਉੱਚਾ ਕਰ ਰਹੇ ਹੋ।
ਇਸ ਮੌਕੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਦੀ ਪ੍ਰਬੰਧਕ ਕਮੇਟੀ ਵੱਲੋਂ ਮੈਡਮ ਰੀਤਨ ਸੰਧੂ ਨੂੰ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਅਤੇ ਹੋਰ ਸਭ ਪਤਵੰਤਿਆਂ ਦਾ ਨਗਰ ਕੀਰਤਨ ਵਿੱਚ ਸ਼ਿਰਕਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।ਇਸ ਨਗਰ ਕੀਰਤਨ ਵਿੱਚ ਗਤਕਾ ਅਕੈਡਮੀ ਦੇ ਸਿੰਘਾਂ ਦੇ ਹੈਰਾਤਨੁਮਾ ਕਾਰਨਾਮੇ ਦੇਖਣਯੋਗ ਸਨ।ਇਸ ਨਗਰ ਕੀਰਤਨ ਮੌਕੇ ਤੇਰਾਚੀਨਾ ਦੇ ਮੇਅਰ ਤੋਂ ਇਲਾਵਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ।