ਮੈਲਬੌਰਨ ''ਚ ਖਾਲਸਾਈ ਜੈਕਾਰਿਆਂ ਦੀ ਗੂੰਜ ''ਚ ਸਜਾਏ ਗਏ ਨਗਰ ਕੀਰਤਨ

04/26/2018 12:14:44 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)— 21 ਅਪ੍ਰੈਲ 2018 ਬੀਤੇ ਸ਼ਨੀਵਾਰ ਨੂੰ 'ਖਾਲਸਾ ਸਾਜਨਾ ਦਿਵਸ' ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮੀਰੀ-ਪੀਰੀ ਅਤੇ ਵੈਸਟਰਨ ਵਿਕਟੋਰੀਆ ਨਗਰ ਕੀਰਤਨ ਸੰਸਥਾ ਵਲੋਂ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਵਾਰ ਦੇ ਨਗਰ ਕੀਰਤਨ ਵਿਚ ਪਿਛਲੇ ਸਾਲ ਨਾਲੋਂ ਸੰਗਤਾਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਗਰ ਕੀਰਤਨ 'ਚ ਆਈਆਂ ਸੰਗਤਾਂ ਨੇ ਵੱਖ-ਵੱਖ ਸੇਵਾਵਾਂ ਵਲੋਂ ਇਸ ਪੰਥਕ ਇਕੱਠ ਨੂੰ ਇਕ ਵਿਲੱਖਣ ਰੂਪ ਦਿੱਤਾ।

ਪੰਜ ਪਿਆਰੇ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਸਾਹਿਬ ਮੀਰੀ-ਪੀਰੀ ਡੀਨਸਾਈਡ ਤੋਂ ਗੱਡੀਆਂ ਦੇ ਕਾਫਲੇ ਵਿਚ ਰਵਾਨਾ ਹੋਇਆ ਅਤੇ ਆਪਣੇ ਆਖਰੀ ਪੜਾਅ ਡੌਹਰਟੀ ਰੋਡ 'ਤੇ ਪਹੁੰਚਿਆ। ਜਿੱਥੇ ਹਜ਼ਾਰਾਂ ਸੰਗਤਾਂ ਦਾ ਇਕੱਠ ਗੁਰੂ ਸਾਹਿਬ ਦੀ ਪਾਲਕੀ ਦੇ ਪਿੱਛੇ ਤਕਰੀਬਨ ਡੇਢ ਕਿਲੋਮੀਟਰ ਦਾ ਪੈਦਲ ਮਾਰਚ ਕਰਨ ਲਈ ਤਿਆਰ-ਬਰ-ਤਿਆਰ ਖੜ੍ਹਾ ਸੀ। ਉਸ ਤੋਂ ਪਿੱਛੇ ਸ. ਮਨਦੀਪ ਸਿੰਘ ਅਤੇ ਸਾਥੀ ਸਿੰਘਾਂ ਦੇ ਜੰਗੀ ਜੌਹਰ ਗੱਤਕੇ ਦੀ ਪੇਸ਼ਕਾਰੀ ਕਰ ਰਹੇ ਸਨ, ਪਿੱਛੇ ਸੰਗਤਾਂ ਗੁਰੂ ਸਾਹਿਬ ਦਾ ਗੁਣ ਗਾਉਂਦਿਆਂ ਹੋਈਆਂ, ਖਾਲਸੇ ਦੇ ਜੈਕਾਰੇ ਛੱਡਦੇ ਹੋਏ ਰੂਹਾਨੀ ਜੋਸ਼ ਨਾਲ ਭਰੀਆਂ ਸਨ।


ਢਾਡੀ ਵਾਰਾਂ ਵਲੋਂ ਸੰਗਤਾਂ ਨੂੰ ਨਿਹਾਲ ਕੀਤਾ, ਮੀਰੀ-ਪੀਰੀ ਕਵੀਸ਼ਰੀ ਜਥੇ ਦੇ ਸ. ਗੁਰਸ਼ਰਨ ਸਿੰਘ ਅਤੇ ਸ਼ੁੱਭਕਰਮਨ ਸਿੰਘ ਵਲੋਂ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਕਵੀਸ਼ਰੀ ਪੇਸ਼ ਕੀਤੀ ਗਈ। ਪੰਡਾਲ ਦੇ ਦੂਜੇ ਹਿੱਸੇ 'ਚ ਸਿੱਖ ਰਾਜ ਨੂੰ ਦਰਸਾਉਂਦੀ ਇਕ ਵਿਸ਼ਾਲ ਪ੍ਰਦਰਸ਼ਨੀ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।

ਸਾਰਾ ਦਿਨ ਗੁਰੂ ਸਾਹਿਬ ਦੇ ਅਤੁੱਟ ਲੰਗਰ ਵਰਤਦੇ ਰਹੇ ਅਤੇ ਸੰਗਤਾਂ ਦਾ ਇਕੱਠ ਸ਼ਾਮ ਤੱਕ ਦੀਵਾਨਾਂ 'ਚ ਹਾਜ਼ਰੀ ਭਰਦਾ ਰਿਹਾ।