ਮਿਆਂਮਾਰ ''ਚ ਲੋਕਾਂ ਨੇ ਤੋੜਿਆ ਕਰਫਿਊ, ਸਰਕਾਰ ਨੇ ਪੰਜ ਮੀਡੀਆ ਸੰਸਥਾਵਾਂ ''ਤੇ ਲਾਈ ਪਾਬੰਦੀ

03/09/2021 1:27:04 PM

ਯਾਂਗੂਨ (ਭਾਸ਼ਾ): ਮਿਆਂਮਾਰ ਵਿਚ ਸੁਰੱਖਿਆ ਬਲਾਂ ਵੱਲੋਂ ਹਿਰਾਸਤ ਵਿਚ ਲਏ ਗਏ ਲੱਗਭਗ 200 ਵਿਦਿਆਰਥੀਆਂ ਦੇ ਸਮਰਥਨ ਵਿਚ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯਾਂਗੂਨ ਵਿਚ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਰਾਤ 8 ਵਜੇ ਲੱਗੇ ਕਰਫਿਊ ਦੀ ਉਲੰਘਣਾ ਕੀਤੀ। ਮਿਆਂਮਾਰ ਦੀ ਸੈਨਾ ਨੇ ਇਹਨਾਂ ਪ੍ਰਦਰਸ਼ਨਾਂ ਦੀ ਕਵਰੇਜ ਕਰਨ ਸੰਬੰਧੀ 5 ਮੀਡੀਆ ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ। ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਪਿਛਲੇ ਮਹੀਨੇ ਹਟਾ ਕੇ ਸੈਨਾ ਵੱਲੋਂ ਕੀਤੇ ਤਖਤਾਪਲਟ ਦੇ ਵਿਰੋਧ ਵਿਚ ਰੋਜ਼ਾਨਾ ਮਿਆਂਮਾਰ ਦੇ ਨਾਗਰਿਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਮਿਲਟਰੀ ਸਰਕਾਰ ਨੇ ਇਸ ਦੇ ਮੀਡੀਆ ਕਵਰੇਜ 'ਤੇ ਵੀ ਸਖ਼ਤ ਪਾਬੰਦੀ ਲਗਾ ਦਿੱਤੀ ਹੈ ਅਤੇ ਪੰਜ ਮੀਡੀਆ ਸੰਸਥਾਵਾਂ ਮਿਜਿਮਾ, ਡੀਵੀਬੀ ਖਿਤ ਥਿਤ ਮੀਡੀਆ, ਮਿਆਂਮਾ ਨਾਉ ਅਤੇ ਸੈਵਨ ਡੇਅ ਨਿਊਜ਼ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਸਰਕਾਰੀ ਚੈਨਲ ਐੱਮ.ਆਰ.ਟੀਵੀ 'ਤੇ ਕਿਹਾ ਗਿਆ,''ਇਹਨਾਂ ਮੀਡੀਆ ਕੰਪਨੀਆਂ ਨੂੰ ਕਿਸੇ ਵੀ ਮੰਚ ਜਾਂ ਤਕਨੀਕ ਤੋਂ ਪ੍ਰਸਾਰਨ ਕਰਨ ਦੀ ਇਜਾਜ਼ਤ ਨਹੀਂ ਹੈ।'' ਗੌਰਤਲਬ ਹੈ ਕਿ ਇਹ ਪੰਜ ਮੀਡੀਆ ਸੰਸਥਾਵਾਂ ਪ੍ਰਦਰਸ਼ਨ ਨਾਲ ਸਬੰਧਤ ਖ਼ਬਰਾਂ ਅਤੇ ਘਟਨਾਵਾਂ ਦਾ ਸਿੱਧਾ ਪ੍ਰਸਾਰਨ ਕਰ ਰਹੀਆਂ ਸਨ। ਪਾਬੰਦੀ ਲਗਾਉਣ ਤੋਂ ਪਹਿਲਾਂ 'ਮਿਆਂਮਾ ਨਾਉ' ਦੇ ਦਫਤਰ 'ਤੇ ਸੋਮਵਾਰ ਨੂੰ ਛਾਪੇਮਾਰੀ ਕੀਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਦੁਬਈ ਹਵਾਈ ਅੱਡੇ 'ਤੇ ਯਾਤਰੀਆਂ ਦੀਆਂ ਅੱਖਾਂ ਹੀ ਕਰਨਗੀਆਂ ਪਾਸਪੋਰਟ ਦਾ ਕੰਮ, ਜਾਣੋ ਕਿਵੇਂ

ਸਰਕਾਰ ਨੇ ਤਖਤਾਪਲਟ ਦੇ ਬਾਅਦ ਦਰਜਨਾਂ ਪੱਤਰਕਾਰਾਂ ਨੂੰ ਹਿਰਾਸਤ ਵਿਚ ਲਿਆ ਹੈ ਜਿਹਨਾਂ ਵਿਚ ਮਿਆਂਮਾਰ ਨਾਉ ਦੇ ਪੱਤਰਕਾਰ ਅਤੇ ਐਸੋਸੀਏਟਿਡ ਪ੍ਰੈੱਲ ਦੇ ਥਿਨ ਜੌ ਸ਼ਾਮਲ ਹਨ। ਇਹਨਾਂ 'ਤੇ ਅਸ਼ਾਂਤੀ ਫੈਲਾਉਣ ਦਾ ਦੋਸ਼ ਹੈ ਜਿਸ ਲਈ 3 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਪੁਲਸ ਨੇ ਯਾਂਗੂਨ ਦੇ ਗੁਆਂਢ ਵਿਚ ਸਥਿਤ ਸਾਨਚੌਂਗ ਵਿਚ ਘੇਰਾਬੰਦੀ ਕਰ ਕੇ ਘਰ-ਘਰ ਤਲਾਸ਼ੀ ਮੁਹਿੰਮ ਚਲਾਈ, ਜਿਸ ਮਗਰੋਂ ਰਾਤ ਵਿਚ ਪ੍ਰਦਰਸ਼ਨ ਸ਼ੁਰੂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਦੀ ਨਜ਼ਰ ਤੋਂ ਬਚ ਕੇ ਕੁਝ ਲੋਕਾਂ ਦੇ ਘਰਾਂ ਵਿਚ ਲੁਕੇ ਵਿਅਕਤੀਆਂ ਦੀ ਤਲਾਸ਼ ਕਰਨ ਲਈ ਪੁਲਸ ਨੇ ਮੁਹਿੰਮ ਚਲਾਈ। ਸੋਸ਼ਲ ਮੀਡੀਆ 'ਤੇ ਇਹ ਗੱਲਾਂ ਤੇਜ਼ੀ ਨਾਲ ਫੈਲੀਆਂ ਜਿਸ ਮਗਰੋਂ ਲੋਕ ਪ੍ਰਦਰਸ਼ਨਕਾਰੀਆ ਦੇ ਸਮਰਥਨ ਵਿਚ ਸੜਕਾਂ 'ਤੇ ਉਤਰ ਆਏ। 

ਇੰਸੀਨ ਜ਼ਿਲ੍ਹੇ ਵਿਚ ਲੋਕਾਂ ਨੇ ਸੜਕਾਂ 'ਤੇਗੀਤ ਗਾਉਂਦੇ ਹੋਏ ਅਤੇ ਨਾਅਰੇ ਲਗਾ ਕੇ ਲੋਕਤੰਤਰ ਦੀ ਬਹਾਲੀ ਲਈ ਪ੍ਰਦਰਸ਼ਨ ਕੀਤਾ। ਮਿਆਂਮਾਰ ਦੇ ਸਮੇਂ ਮੁਤਾਬਕ ਅੱਧੀ ਰਾਤ ਤੱਕ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਝੜਪ ਦੀ ਕੋਈ ਘਟਨਾ ਹੋਣ ਦੀ ਖ਼ਬਰ ਨਹੀਂ ਮਿਲੀ। ਭਾਵੇਂਕਿ ਸੁਰੱਖਿਆ ਬਲਾਂ ਨੇ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਖਿੜਕੀ ਤੋਂ ਦੇਖ ਰਹੇ ਲੋਕਾਂ ਨੂੰ ਫਟਕਾਰ ਲਗਾਈ ਅਤੇ ਸਟਨ ਗ੍ਰੇਨੇਡ ਦੀ ਵਰਤੋਂ ਕੀਤੀ।ਕੁਝ ਥਾਵਾਂ 'ਤੇ ਰਬੜ ਦੀਆਂ ਗੋਲੀਆਂ ਚਲਾਉਣ ਦੀ ਵੀ ਖ਼ਬਰ ਹੈ ਜਿਹਨਾਂ ਵਿਚ ਲੋਕ ਜ਼ਖਮੀ ਹੋਏ ਹਨ।

Vandana

This news is Content Editor Vandana