ਮੁਸਲਿਮ ਪਰਿਵਾਰ ਨੇ ਸਿੱਖ ਭਾਈਚਾਰੇ ਨੂੰ ਸੌਂਪੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਣ ਸਰੂਪ

09/16/2020 6:08:10 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਦੇ ਸਿਆਲਕੋਟ ਦੇ ਇੱਕ ਮੁਸਲਿਮ ਪਰਿਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਸਿੱਖ ਭਾਈਚਾਰੇ ਦੇ ਹਵਾਲੇ ਕਰ ਦਿੱਤੇ ਹਨ। ਇਸ ਪਰਿਵਾਰ ਨੇ ਤਕਰੀਬਨ 73 ਸਾਲ ਪਹਿਲਾਂ ਵੰਡ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਕੋਲ ਸੰਭਾਲ ਕੇ ਰੱਖ ਲਏ ਸਨ।


ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਕਰਦਾ ਆ ਰਿਹਾ ਸੀ । ਹੁਣ ਇਸ ਪਰਿਵਾਰ ਨੇ ਇਹ ਸਰੂਪ ਸਿਆਲਕੋਟ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਬੇਬੇ ਦੀ ਬੇਰ ਸਾਹਿਬ ਵਿਖੇ ਸੌਂਪ ਦਿੱਤੇ ਹਨ। ਇਹ ਗੁਰਦੁਆਰਾ 2 ਜੁਲਾਈ, 2019 ਨੂੰ ਕਈ ਸਾਲਾਂ ਦੇ ਬਾਅਦ ਜਨਤਾ ਲਈ ਖੋਲ੍ਹ ਦਿੱਤਾ ਗਿਆ ਸੀ। ਇਹ ਸਥਾਨ 500 ਸਾਲ ਤੋਂ ਵੱਧ ਪੁਰਾਣਾ ਹੈ।

ਗਿਆਨੀ ਜਸਕਰਨ ਸਿੰਘ ਸਿੱਧੂ, ਸੇਵਾਦਾਰ ਕਰਨਬੀਰ ਸਿੰਘ ਨੇ ਅਤੇ ਹੋਰ ਮੁਸਲਿਮ ਭਰਾਵਾਂ ਤੋਂ ਇਹਨਾਂ ਪਾਵਨ ਸਰੂਪਾਂ ਨੂੰ ਆਦਰ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ।


ਇਸ ਮੌਕੇ ਬੋਲਦਿਆਂ ਮੁਸਲਿਮ ਸ਼ਰਧਾਲੂਆਂ ਨੇ ਕਿਹਾ ਕਿ ਇਹ ਪਾਵਨ ਸਰੂਪ ਉਨ੍ਹਾਂ ਦੇ ਪੁਰਖ਼ਿਆਂ ਨੇ ਸੰਭਾਲ ਕੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਹੁਣ ਹਜ਼ਰਤ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸੌਂਪ ਕੇ ਉਨ੍ਹਾਂ ਨੂੰ ਖ਼ੁਸ਼ੀ ਮਹਿਸੂਸ ਹੋ ਰਹੀ ਹੈ।

Vandana

This news is Content Editor Vandana