ਸੰਗੀਤ ਭਰਪੂਰ ਅਲਾਰਮ ਸਵੇਰ ਦੀ ਸੁਸਤੀ ਨੂੰ ਘੱਟ ਕਰਨ ’ਚ ਹੋ ਸਕਦੈ ਮਦਦਗਾਰ

02/04/2020 10:19:42 AM

ਮੈਲਬੋਰਨ, (ਭਾਸ਼ਾ)– ਜੇ ਸੌਂ ਕੇ ਉੱਠਣ ਤੋਂ ਬਾਅਦ ਵੀ ਤੁਸੀਂ ਤਾਜ਼ਗੀ ਦੀ ਥਾਂ ਸੁਸਤੀ ਮਹਿਸੂਸ ਕਰਦੇ ਹੋ ਤਾਂ ਸੰਗੀਤ ਭਰਪੂਰ ਅਲਾਰਮ ਨੀਂਦ ਤੋਂ ਜਾਗਦੇ ਹੀ ਤੁਹਾਡਾ ਮੂਡ ਚੰਗਾ ਕਰ ਸਕਦਾ ਹੈ। ਰਸਾਲੇ ‘ਪੀ. ਐੱਲ. ਓ. ਐੱਸ. ਵਨ’ ਵਿਚ ਪ੍ਰਕਾਸ਼ਿਤ ਖੋਜ ’ਚ ਕਿਹਾ ਗਿਆ ਹੈ ਕਿ ਸਵੇਰੇ ਜਿਸ ਤਰ੍ਹਾਂ ਦਾ ਅਲਾਰਮ ਸੁਣ ਕੇ ਲੋਕ ਜਾਗਦੇ ਹਨ, ਉਹ ਤੈਅ ਕਰਦਾ ਹੈ ਕਿ ਉਨ੍ਹਾਂ ਦੀ ਸੁਸਤੀ ਦੂਰ ਹੋਵੇਗੀ ਜਾਂ ਨਹੀਂ।

ਆਸਟਰੇਲੀਆ ਦੀ ਆਰ. ਐੱਮ. ਆਈ. ਟੀ. ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੇਖਿਆ ਕਿ ਸੰਗੀਤ ਭਰਪੂਰ ਅਲਾਰਮ ਨਾਲ ਚੌਕਸੀ ਦਾ ਪੱਧਰ ਬਿਹਤਰ ਹੋ ਸਕਦਾ ਹੈ, ਇਸ ਦੇ ਉਲਟ ਕਰਕਸ਼ ਧੁਨੀ ਨਾਲ ਸਵੇਰ ਦੇ ਸਮੇਂ ਸੁਸਤੀ ਵੱਧ ਸਕਦੀ ਹੈ। ਇਹ ਨਤੀਜਾ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੋ ਸਕਦਾ ਹੈ, ਜਿਨ੍ਹਾਂ ਨੇ ਸਵੇਰੇ ਉੱਠਦੇ ਸਾਰ ਹੀ ਕੰਮ ’ਤੇ ਲੱਗ ਜਾਣਾ ਹੁੰਦਾ ਹੈ।

ਯੂਨੀਵਰਸਿਟੀ ’ਚ ਐਸੋਸੀਏਟ ਪ੍ਰੋਫੈਸਰ ਐਡਰਿਆਨ ਡਾਇਰ ਨੇ ਕਿਹਾ ਕਿ ਨੀਂਦ ਤੋਂ ਜਾਗਣ ’ਤੇ ‘ਬਿਪ ਬਿਪ’ ਦੀ ਕਰਕਸ਼ ਧੁਨੀ ਨਾਲ ਦਿਮਾਗ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ ਜਦੋਂਕਿ ਮਿੱਠੀ ਧੁਨੀ ਜਿਵੇਂ ਕਿ ਬੀਚ ਬੁਆਇਜ਼ ਦੀ ‘ਗੁੱਡ ਵਾਈਬ੍ਰੇਸ਼ਨਸ’ ਨਾਲ ਅਸੀਂ ਚੰਗੀ ਤਰ੍ਹਾਂ ਜਾਗ ਜਾਂਦੇ ਹਾਂ। ਮੁੱਖ ਖੋਜਕਾਰ ਸਟੁਅਰਟ ਮੈਕਾਫਾਰਲੇਨ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਖਾਸ ਮਾਇਨੇ ਰੱਖਦਾ ਹੈ, ਜੋ ਜਾਗਦੇ ਹੀ ਖਤਰਨਾਕ ਹਾਲਾਤ ’ਚ ਕੰਮ ਕਰਦੇ ਹਨ ਜਿਵੇਂ ਫਾਇਰ ਬ੍ਰਿਗੇਡ ਵਾਲਿਆਂ ਦਾ ਕੰਮ, ਪਾਇਲਟ ਦੇ ਰੂਪ ’ਚ ਜਹਾਜ਼ ਉਡਾਉਣ ਦਾ ਕੰਮ, ਹਸਪਤਾਲ ਜਾਂ ਕੋਈ ਹੋਰ ਐਮਰਜੈਂਸੀ, ਜਿਸ ’ਚ ਲੋਕਾਂ ਨੂੰ ਬੇਹੱਦ ਚੌਕਸ ਰਹਿਣਾ ਪੈਂਦਾ ਹੈ।


Related News