ਯੂ-ਟਿਊਬ ਦੀ ਮਦਦ ਨਾਲ ਨੌਜਵਾਨ ਨੇ ਖੂਨੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਅਦਾਲਤ ਨੇ ਸੁਣਾਈ ਸਜ਼ਾ

09/14/2017 1:20:33 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਕੁਈਨਜ਼ਲੈਂਡ 'ਚ ਬਰੈਂਡਨ ਬੈਨੇਟਸ ਨਾਂ ਦੇ 21 ਸਾਲਾ ਨੌਜਵਾਨ ਨੂੰ ਬ੍ਰਿਸਬੇਨ ਦੀ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਰਅਸਲ ਬਰੈਂਡਨ ਨੇ ਇਕ 16 ਸਾਲਾ ਸਕੂਲੀ ਵਿਦਿਆਰਥਣ ਜੇਡੇ ਕੇਂਦਾਲ ਦਾ ਕਤਲ ਕਰ ਦਿੱਤਾ ਸੀ। ਇਹ ਮਾਮਲਾ ਅਗਸਤ 2015 ਦਾ ਹੈ। ਅਦਾਲਤ ਨੇ ਬਰੈਂਡਨ ਨੂੰ ਕਤਲ ਦਾ ਦੋਸ਼ੀ ਮੰਨਿਆ ਅਤੇ ਤਕਰੀਬਨ 2 ਸਾਲ ਤੱਕ ਚੱਲੀ ਲੰਬੀ ਸੁਣਵਾਈ ਤੋਂ ਬਾਅਦ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦੋਂ ਬਰੈਂਡਨ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਦੇ ਚਿਹਰੇ 'ਤੇ ਕਿਸੇ ਤਰ੍ਹਾਂ ਦਾ ਪਛਤਾਵਾ ਨਹੀਂ ਸੀ। 
ਇਹ ਹੈ ਪੂਰਾ ਮਾਮਲਾ— 
21 ਸਾਲਾ ਬਰੈਂਡਨ ਨੇ 16 ਸਾਲਾ ਜੇਡੇ ਕੇਂਦਾਲ ਨੂੰ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਉਹ ਸਕੂਲ ਤੋਂ ਘਰ ਪਰਤੀ ਰਹੀ ਸੀ। ਬਰੈਂਡਨ ਨੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਕੁਈਨਜ਼ਲੈਂਡ ਦੇ ਟਾਊਨ ਗੈਟਨ 'ਚ ਖੇਤਾਂ 'ਚ ਸੁੱਟ ਦਿੱਤਾ ਸੀ। ਜੇਡੇ ਦੀ ਲਾਸ਼ ਤਕਰੀਬਨ 13 ਦਿਨਾਂ ਬਾਅਦ ਮਿਲੀ ਸੀ। ਸੁਣਵਾਈ ਦੌਰਾਨ ਕਿਹਾ ਗਿਆ ਕਿ ਜੇਡੇ ਨੂੰ ਆਖਰੀ ਵਾਰ ਜ਼ਿੰਦਾ 14 ਅਗਸਤ 2015 ਨੂੰ ਦੇਖਿਆ ਗਿਆ, ਜਦੋਂ ਬਰੈਂਡਨ ਉਸ ਨੂੰ ਸਕੂਲ ਤੋਂ ਆਪਣੀ ਕਾਰ 'ਚ ਬਿਠਾ ਕੇ ਲੈ ਗਿਆ। ਸੁਣਵਾਈ ਦੌਰਾਨ ਵਕੀਸ ਨੇ ਇਹ ਵੀ ਕਿਹਾ ਕਿ ਬਰੈਂਡਨ ਨੇ ਜੇਡੇ ਦਾ ਕਤਲ ਕਰਨ ਤੋਂ ਦੋ ਦਿਨ ਪਹਿਲਾਂ ਯੂ-ਟਿਊਬ ਤੋਂ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਬਾਰੇ ਦੇਖਿਆ ਸੀ, ਜਿਸ ਤੋਂ ਬਾਅਦ ਉਸ ਦੇ ਸਿਰ 'ਤੇ ਕਤਲ ਕਰਨ ਦਾ ਜਨੂੰਨ ਸਵਾਰ ਹੋ ਗਿਆ। 
ਬਰੈਂਡਨ ਇਕ ਚਲਾਕ ਇਨਸਾਨ ਹੈ ਅਤੇ ਵਕੀਲ ਨੇ ਦਲੀਲ ਪੇਸ਼ ਕਰਦਿਆਂ ਕਿਹਾ ਕਿ ਉਸ ਨੇ ਜੇਡੇ ਦੇ ਕਤਲ ਮਗਰੋਂ ਸਬੂਤਾਂ ਨੂੰ ਮਿਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬਸ ਇੰਨਾ ਹੀ ਨਹੀਂ ਬਰੈਂਡਨ ਨੇ ਜੇਡੇ ਦੇ ਫੋਨ, ਬਟੂਆ ਸਾਰਾ ਸਾਮਾਨ ਮਿਟਾ ਦਿੱਤਾ, ਇੱਥੋਂ ਤੱਕ ਕਿ ਉਸ ਦੇ ਫੋਨ 'ਤੇ ਆਇਆ ਆਖਰੀ ਸੰਦੇਸ਼ ਨੂੰ ਡਲੀਟ ਕਰ ਦਿੱਤਾ। ਬਰੈਂਡਨ ਨੇ ਜੇਡੇ ਦੀ ਹੱਤਿਆ ਕਿਉਂ ਕੀਤੀ, ਇਸ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਉਸ ਨੇ ਇਸ ਬਾਰੇ ਆਪਣਾ ਕੋਈ ਪੱਖ ਰੱਖਿਆ। ਓਧਰ ਜੇਡੇ ਦੇ ਪਰਿਵਾਰ ਨੇ ਕਾਤਲ ਨੂੰ ਹੋਈ ਸਜ਼ਾ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਹੈ।