ਟੋਰਾਂਟੋ ''ਚ ਸ਼ੱਕੀ ਹਾਲਾਤਾਂ ''ਚ 28 ਸਾਲਾ ਔਰਤ ਦੀ ਹੋਈ ਮੌਤ

06/18/2018 11:05:56 AM

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਵੈੱਸਟ ਕੁਈਨ ਵੈੱਸਟ ਦੀ ਇਕ ਇਮਾਰਤ 'ਚ ਇਕ ਔਰਤ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਜੋ ਤਿੰਨ ਹਫਤੇ ਪਹਿਲਾਂ ਹੀ ਇੱਥੇ ਰਹਿਣ ਲਈ ਆਈ ਸੀ। ਪੁਲਸ ਨੇ ਜਾਣਕਾਰੀ ਦਿੱਤੀ ਕਿ 28 ਸਾਲਾ ਸੈਲਬੀ ਰੀਡਮੈਨ ਨਾਂ ਦੀ ਔਰਤ ਮੰਗਲਵਾਰ ਨੂੰ ਨਿਆਗਰਾ ਸਟਰੀਟ ਨੇੜਲੀ ਇਕ ਇਮਾਰਤ 'ਚ ਮ੍ਰਿਤਕ ਪਾਈ ਗਈ। ਉਹ ਇਸ ਇਮਾਰਤ ਦੀ ਚੌਥੀ ਮੰਜ਼ਲ 'ਤੇ ਰਹਿੰਦੀ ਸੀ। ਐਤਵਾਰ ਨੂੰ ਪੁਲਸ ਨੇ ਇਸ ਸੰਬੰਧੀ ਜਾਂਚ ਕਰਨ ਮਗਰੋਂ 41 ਸਾਲਾ ਇਕ ਵਿਅਕਤੀ ਨੂੰ ਸ਼ੱਕ ਵਜੋਂ ਹਿਰਾਸਤ 'ਚ ਲਿਆ ਹੈ।
ਪੁਲਸ ਬੁਲਾਰੇ ਨੇ ਦੱਸਿਆ ਕਿ ਸੈਲਬੀ ਵੱਲੋਂ ਭੇਜੇ ਗਏ ਮੈਸਜਾਂ ਤੋਂ ਪਤਾ ਲੱਗਾ ਹੈ ਕਿ ਉਹ ਸ਼ੱਕੀ ਵਿਅਕਤੀ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਅਜੇ ਕਹਿ ਨਹੀਂ ਸਕਦੇ ਕਿ ਦੋਵਾਂ 'ਚ ਕੋਈ ਪਿਆਰ ਵਾਲਾ ਸੰਬੰਧ ਸੀ, ਸ਼ਾਇਦ ਉਹ ਕਮਰਾ ਕਿਰਾਏ 'ਤੇ ਲੈਣ ਦੌਰਾਨ ਇਸ ਵਿਅਕਤੀ ਦੇ ਸੰਪਰਕ 'ਚ ਆਈ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਾਇਦ ਇਨ੍ਹਾਂ ਦੋਹਾਂ ਵਿਚਕਾਰ ਰੂਮ ਮੇਟ ਵਾਲਾ ਰਿਸ਼ਤਾ ਹੀ ਹੋਵੇਗਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਥੋੜੇ ਸਮੇਂ 'ਚ ਉਸ ਦੀ ਮੌਤ ਕਿਵੇਂ ਹੋ ਗਈ। 
ਪੁਲਸ ਨੇ ਦੱਸਿਆ ਕਿ ਜਿਸ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਹ ਦੁਰਹਮ ਰੀਜਨ 'ਚ ਕਈ ਘਰੇਲੂ ਹਿੰਸਕ ਵਾਰਦਾਤਾਂ 'ਚ ਸ਼ਾਮਲ ਰਿਹਾ ਹੈ। ਉਸ ਦੀ ਪਛਾਣ 41 ਸਾਲਾ ਰਿਚਰਡ ਦੇ ਤੌਰ 'ਤੇ ਕੀਤੀ ਗਈ ਹੈ। ਸ਼ੱਕੀ ਵਿਅਕਤੀ ਨੂੰ ਐਤਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਪੁਲਸ ਨੇ ਕਿਹਾ ਸੋਸ਼ਲ ਮੀਡੀਆ ਰਾਹੀਂ ਕਈ ਹੋਰ ਔਰਤਾਂ ਵੀ ਇਸ ਵਿਅਕਤੀ ਦੇ ਸੰਪਰਕ 'ਚ ਆਈਆਂ ਹੋਣਗੀਆਂ ਅਤੇ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਪੁਲਸ ਦੀ ਮਦਦ ਕਰਨ ਲਈ ਅੱਗੇ ਆਉਣ।