ਮਨਮੀਤ ਅਲੀਸ਼ੇਰ ਦੇ ਕਾਤਲ ਨੂੰ ਮਿਲੀ 10 ਸਾਲ ਦੀ ਸਜ਼ਾ (ਵੀਡੀਓ)

08/11/2018 11:15:22 AM

ਬ੍ਰਿਸਬੇਨ,(ਸੁਰਿੰਦਰਪਾਲ ਖੁਰਦ)— ਆਸਟਰੇਲੀਆ 'ਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਐਨਥਨੀ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਕਿ ਉਸ ਨੂੰ ਸਖਤ ਨਿਗਰਾਨੀ ਹੇਠ ਬ੍ਰਿਸਬੇਨ ਦੇ 'ਦਿ ਪਾਰਕ ਮੈਂਟਲ ਹੈਲਥ ਫੈਸੀਲਿਟੀ' 'ਚ ਰੱਖਿਆ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਮਾਨਸਿਕ ਰੋਗੀ ਰਹੇਗਾ, ਉਸ ਦੇ ਠੀਕ ਹੋਣ ਦੀ ਉਮੀਦ ਨਹੀਂ ਹੈ। ਸ਼ੁੱਕਰਵਾਰ ਨੂੰ ਆਸਟਰੇਲੀਆ ਅਦਾਲਤ ਨੇ ਐਨਥਨੀ ਓ ਡੋਨੋਹੀਊ ਨੂੰ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ। ਦੋਸ਼ੀ ਉੱਤੇ ਬੱਸ ਵਿਚਲੇ ਹੋਰ 14 ਵਿਅਕਤੀਆਂ ਨੂੰ ਮਾਰਨ ਦੇ ਜੋ ਦੋਸ਼ ਲੱਗੇ ਸਨ, ਉਹ ਵੀ ਅਦਾਲਤ ਨੇ ਖਾਰਜ ਕਰ ਦਿੱਤੇ ਹਨ।

ਸ਼ਹਿਰ ਬ੍ਰਿਸਬੇਨ 'ਚ 28 ਅਕਤੂਬਰ 2016 ਨੂੰ ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਵਾਪਰੀ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਨੂੰ ਕੌਣ ਭੁਲਾ ਸਕਦਾ ਹੈ। ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬੇਨ 'ਚ ਬੱਸ ਡਰਾਈਵਰ ਸੀ, ਉਸ ਮਨਹੂਸ ਦਿਨ ਨੂੰ ਯਾਦ ਕਰ ਕੇ ਉਸ ਦੇ ਮਾਪੇ ਅੱਜ ਵੀ ਦੁਖੀ ਹੋ ਜਾਂਦੇ ਹਨ, ਜਦੋਂ ਡਿਊਟੀ ਦੌਰਾਨ ਉਸ ਦੀ ਬੱਸ 'ਚ ਇਕ ਵਿਅਕਤੀ ਵਲੋਂ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਗਿਆ ਅਤੇ ਮਨਮੀਤ ਸਦਾ ਲਈ ਪਰਿਵਾਰ ਤੋਂ ਦੂਰ ਹੋ ਗਿਆ। ਦੋਸ਼ੀ ਨੇ ਹੋਰ 14 ਵਿਅਕਤੀਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਜਾਨ ਬਚ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ। 

ਮਰਹੂਮ ਅਲੀਸ਼ੇਰ ਦਾ ਪਰਿਵਾਰ ਇਸ ਸੁਣਵਾਈ ਲਈ ਆਸਟਰੇਲੀਆ ਪੁੱਜਿਆ ਹੈ। 


ਕਿਹਾ ਜਾ ਰਿਹਾ ਸੀ ਕਿ ਦੋਸ਼ੀ ਮਾਨਸਿਕ ਰੋਗੀ ਸੀ ਪਰ ਅਲੀਸ਼ੇਰ ਦੇ ਪਰਿਵਾਰ ਨੇ ਕਿਹਾ ਸੀ ਕਿ ਜੇਕਰ ਐਨਥਨੀ ਬੀਮਾਰ ਸੀ ਤਾਂ ਉਸ ਨੂੰ ਇਸ ਤਰ੍ਹਾਂ ਲੋਕਾਂ 'ਚ ਘੁੰਮਣ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ। ਮਨਮੀਤ ਦੀ ਮੌਤ ਮਗਰੋਂ ਕਈ ਸਵਾਲ ਉੱਠੇ, ਜਿਨ੍ਹਾਂ ਦੇ ਜਵਾਬ ਅਦਾਲਤ 'ਚ ਮੰਗੇ ਗਏ। ਅਦਾਲਤ ਨੇ ਕਿਹਾ ਕਿ ਐਨਥਨੀ 'ਤੇ ਅਪਰਾਧਕ ਮਾਮਲਿਆਂ ਦਾ ਟਰਾਇਲ ਨਹੀਂ ਚੱਲੇਗਾ, ਉਸ ਨੇ ਮਾਨਸਿਕ ਬੀਮਾਰੀ ਦੌਰਾਨ ਇਹ ਕਤਲ ਕੀਤਾ।
 

ਆਓ ਜਾਣਦੇ ਹਾਂ ਕੌਣ ਸੀ ਅਲੀਸ਼ੇਰ— 
ਮਨਮੀਤ ਅਲੀਸ਼ੇਰ ਆਸਟਰੇਲੀਆ 'ਚ ਇਕ ਬੱਸ ਡਰਾਈਵਰ ਹੀ ਨਹੀਂ, ਸਗੋਂ ਇਕ ਗਾਇਕ, ਕਵੀ ਅਤੇ ਥੀਏਟਰ ਕਲਾਕਾਰ ਵੀ ਸੀ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟਰੇਲੀਆ ਗਿਆ ਸੀ। ਮਹਿਜ਼ 28 ਸਾਲ ਦੀ ਉਮਰ 'ਚ ਹੀ ਉਸ ਨੇ ਆਸਟਰੇਲੀਆ 'ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਭਰ ਵੀ ਨਸੀਬ ਨਹੀਂ ਹੁੰਦਾ। ਕਵੀ ਅਤੇ ਗਾਇਕ ਬਣਨ ਦੇ ਨਾਲ-ਨਾਲ ਉਸ ਨੇ ਸਾਹਿਤ ਦੀ ਦੁਨੀਆ 'ਚ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਸੀ। ਮਨਮੀਤ ਦਾ ਜਨਮ 20 ਸਤੰਬਰ, 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ। ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ। ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ।
 

ਪੰਜਾਬੀਆਂ 'ਚ ਸੋਗ ਦੀ ਲਹਿਰ—
ਪ੍ਰਵਾਸੀ ਡਰਾਈਵਰ ਨਾਲ ਅਜਿਹੀ ਵਾਰਦਾਤ ਵਾਪਰਨ ਨਾਲ ਪੰਜਾਬੀਆਂ 'ਚ ਦੁੱਖ ਅਤੇ ਰੋਸ ਦੀ ਲਹਿਰ ਹੈ। ਇਸ ਤੋਂ ਪਹਿਲਾਂ ਆਸਟਰੇਲੀਆਈ ਪ੍ਰਧਾਨ ਮੰਤਰੀ ਅਤੇ ਕੁਈਨਜ਼ਲੈਂਡ ਸੂਬੇ ਦੀ ਮੁੱਖ ਮੰਤਰੀ ਨੂੰ ਪ੍ਰਵਾਸੀਆਂ ਤੇ ਬੱਸ ਡਰਾਈਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪੀਲ ਕੀਤੀ ਗਈ ਸੀ, ਤਾਂ ਜੋ ਪ੍ਰਵਾਸੀ ਬਿਨਾਂ ਕਿਸੇ ਡਰ, ਭੈਅ ਤੋਂ ਇੱਥੇ ਰਹਿ ਕੇ ਇਥੋਂ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ।