ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ''ਤੇ ਵਿਦੇਸ਼ੀ ਮੀਡੀਆ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ

09/07/2017 11:08:39 AM

ਵਾਸ਼ਿੰਗਟਨ— ਭਾਰਤ ਵਿਚ ਪੱਤਰਕਾਰ ਗੌਰੀ ਲੰਕੇਸ਼ ਦੀ ਕੱਲ੍ਹ ਬੰਗਲੌਰ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਦੀ ਇਸ ਤਰ੍ਹਾਂ ਦੀ ਹੱਤਿਆ ਕਾਰਨ ਪੂਰੀ ਦੁਨੀਆ ਦੇ ਮੀਡੀਆ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਮੁਤਾਬਕ ਇਕ ਪੱਤਰਕਾਰ ਦੀ ਹੱਤਿਆ ਨੇ ਇਕ ਵਾਰੀ ਫਿਰ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਕ ਅਮਰੀਕੀ ਅਖਬਾਰ ਨੇ ਇਸ ਖਬਰ ਨੂੰ ਮੁੱਖ ਸਥਾਨ ਦਿੰਦੇ ਹੋਏ ਭਾਰਤ ਵਿਚ ਪੱਤਰਕਾਰਾਂ ਦੀ ਹੱਤਿਆ ਨੂੰ ਬਦਕਿਸਮਤੀ ਦੱਸਿਆ। ਅਖਬਾਰ ਨੇ ਇਸ ਤੋਂ ਪਹਿਲਾਂ ਮਾਰੇ ਗਏ ਪੱਤਰਕਾਰਾਂ ਦੀ ਸੂਚੀ ਵੀ ਦਿੱਤੀ ਹੈ। ਅਖਬਾਰ ਨੇ ਸਾਲ 2013 ਵਿਚ ਨਰਿੰਦਰ ਦਾਭੋਲਕਰ, ਸਾਲ 2015 ਵਿਚ ਗੋਵਿੰਦ ਪਨਸਾਰੇ ਅਤੇ ਸਾਲ 2016 ਵਿਚ ਕਲਬੁਰਗੀ ਕਤਲਕਾਂਡ ਨੂੰ ਵੀ ਯਾਦ ਕੀਤਾ।
'ਵਾਸ਼ਿੰਗਟਨ ਪੋਸਟ' ਨਾਂ ਦੀ ਏਜੰਸੀ ਨੇ ਇਸ ਖਬਰ ਨੂੰ ਆਪਣੇ ਆਨਲਾਈਨ ਐਡੀਸ਼ਨ ਵਿਚ ਮੁੱਖ ਸਥਾਨ ਦਿੱਤਾ ਹੈ। ਲੰਡਨ ਤੋਂ ਪ੍ਰਕਾਸ਼ਿਤ 'ਆਈ. ਬੀ. ਟਾਈਮਸ' ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਘਰੋਂ ਬਾਹਰ ਹੋਈ ਹੱਤਿਆ 'ਤੇ ਲਿਖਿਆ ਕਿ ਬੀਤੇ 4 ਸਾਲਾਂ ਵਿਚ ਚੌਥੀ ਵਾਰੀ ਕਿਸੇ ਤਰਕਸ਼ੀਲ, ਧਰਮ ਨਿਰਪੱਖ ਅਤੇ ਖੱਬੇ ਪੱਖੀ ਲੇਖਕ ਦੀ ਹੱਤਿਆ ਹੋਈ ਹੈ। ਉਨ੍ਹਾਂ ਮੁਤਾਬਕ ਲੰਕੇਸ਼ ਨੇ ਹਿੰਦੂ ਵਿਰੋਧੀ ਲੇਖਨ ਵਿਚ ਆਪਣੀ ਪਹਿਚਾਣ ਬਣਾਈ ਸੀ। 
ਜਰਮਨੀ ਦੀ ਰੇਡਿਓ ਸੇਵਾ 'ਦਾਇਚੇ ਵੇਲੇ' ਨੇ ਆਪਣੀ ਵੇਬਸਾਈਟ 'ਤੇ ਗੌਰੀ ਲੰਕੇਸ਼ ਦੀ ਖਬਰ ਨੂੰ ਮੁੱਖ ਮੰਨਦੇ ਹੋਏ ਸੋਸ਼ਲ ਮੀਡੀਆ 'ਤੇ ਕੁਲਦੀਪ ਕੁਮਾਰ ਦੀ ਟਿੱਪਣੀ ਨੂੰ ਪ੍ਰਮੁੱਖਤਾ ਦਿੱਤੀ ਹੈ, ਜਿਸ ਵਿਚ ਲਿਖਿਆ ਹੈ ,''ਹੁਣ ਦੇਸ਼ ਦੇ ਲੋਕਾਂ ਨੇ ਇਹ ਤੈਅ ਕਰਨਾ ਹੈ ਕਿ ਕੀ ਉਹ ਅਜਿਹੇ ਮਾਹੌਲ ਵਿਚ ਰਹਿਣਾ ਚਾਹੁਣਗੇ ਜਿੱਥੇ ਬੋਲੀ ਦਾ ਜਵਾਬ ਗੋਲੀ ਹੈ।''
'ਆਸਟ੍ਰੇਲੀਆ ਆਨਲਾਈਨ' ਨੇ ਗੌਰੀ ਲੰਕੇਸ਼ ਨੂੰ ਲਗਾਤਾਰ ਮਿਲਣ ਵਾਲੀਆਂ ਧਮਕੀਆਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਲਿਖਿਆ ਕਿ ਸੋਸ਼ਲ ਮੀਡੀਆ 'ਤੇ ਵੀ ਭਾਰਤ ਵਿਚ ਪੱਤਰਕਾਰਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਚੱਲਦਾ ਹੈ, ਜੋ ਗਲਤ ਹੈ। ਪਾਕਿ ਅਖਬਾਰ ਨੇ ਲਿਖਿਆ ਹੈ ਕਿ ਭਾਰਤ ਵਿਚ ਤਥਾ ਕਥਿਤ ਗਊ ਰੱਖਿਆ ਦੇ ਨਾਂ 'ਤੇ ਲੋਕਾਂ ਦੀ ਕੁੱਟ-ਮਾਰ ਅਤੇ ਹੱਤਿਆਵਾਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਅਜਿਹੇ ਸਥਿਤੀ ਵਿਚ ਇਕ ਖੱਬੇ ਪੱਖੀ ਵਿਚਾਰਧਾਰਾ ਦੀ ਪੱਤਰਕਾਰ ਦੀ ਹੱਤਿਆ ਬਦਕਿਸਮਤੀ ਹੈ।