ਮਾਂ ਨੇ ਮੰਨਿਆ ਕਸੂਰ- ''ਅਸੀਂ ਇਲਾਜ ਨਹੀਂ ਕਰਵਾਇਆ ਤਾਂ ਹੋਈ ਬੱਚੇ ਦੀ ਮੌਤ''

02/20/2019 1:36:16 PM

ਕੁਈਨਜ਼ਲੈਂਡ (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਮੈਸਨ ਜੈੱਟ ਲੀ ਨਾਂ ਦੀ ਔਰਤ ਨੇ 3 ਸਾਲਾਂ ਬਾਅਦ ਆਪਣਾ ਜ਼ੁਰਮ ਕਬੂਲਿਆ ਹੈ ਕਿ ਆਪਣੇ ਬੱਚੇ ਮੈਸਨ ਦੀ ਮੌਤ ਦੀ ਉਹ ਆਪ ਜ਼ਿੰਮੇਵਾਰ ਹੈ। ਉਸ ਨੂੰ 9 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਰੋ-ਰੋ ਕੇ ਬੁੱਧਵਾਰ ਨੂੰ ਅਦਾਲਤ 'ਚ ਦੱਸਿਆ ਕਿ ਉਸ ਦੇ ਸਾਥੀ ਵਿਲੀਅਮ ਐਂਡਰੀਊ ਓ ਸੂਲੀਵਾਨ ਨੇ 22 ਮਹੀਨਿਆਂ ਦੇ ਮੈਸਨ ਨੂੰ ਇੰਨੀ ਜ਼ੋਰ ਨਾਲ ਮੁੱਕਾ ਮਾਰਿਆ ਸੀ ਕਿ ਬੱਚੇ ਦੀ ਛੋਟੀ ਅੰਤੜੀ ਨੁਕਸਾਨੀ ਗਈ ਸੀ। ਬੱਚਾ 5 ਦਿਨਾਂ ਤਕ ਤੜਫਦਾ ਰਿਹਾ ਪਰ ਉਨ੍ਹਾਂ ਨੇ ਇਲਾਜ ਨਾ ਕਰਵਾਇਆ ਅਤੇ 5 ਦਿਨਾਂ ਬਾਅਦ ਬੱਚੇ ਦੀ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਇਹ ਘਟਨਾ ਬ੍ਰਿਸਬੇਨ ਵਿਖੇ ਜੂਨ 2016 'ਚ ਵਾਪਰੀ ਸੀ। ਪੁਲਸ ਨੇ ਦੱਸਿਆ ਕਿ ਜਾਂਚ ਮਗਰੋਂ ਪਤਾ ਲੱਗਾ ਕਿ ਵਿਲੀਅਮ ਨਸ਼ੇ ਦਾ ਆਦੀ ਸੀ। ਇਹ ਦੋਵੇਂ ਇਕ ਸਾਲ ਤੋਂ ਇਕ-ਦੂਜੇ ਨਾਲ ਰਹਿੰਦੇ ਸਨ। ਵਿਲੀਅਮ ਮੈਸਨ ਨੂੰ ਆਪਣੇ ਕੋਲ ਇਕ ਵੱਖਰੇ ਘਰ 'ਚ ਲੈ ਗਿਆ ਸੀ ਕਿਉਂਕਿ ਉਸ ਨੂੰ ਲੀ 'ਤੇ ਵਿਸ਼ਵਾਸ ਨਹੀਂ ਸੀ ਕਿ ਉਹ ਬੱਚੇ ਦਾ ਧਿਆਨ ਰੱਖ ਸਕੇਗੀ। ਵਕੀਲਾਂ ਨੇ ਅਦਾਲਤ 'ਚ ਕਿਹਾ ਕਿ ਜਦ ਲੀ ਨੂੰ ਪਤਾ ਸੀ ਕਿ ਵਿਲੀਅਮ ਇਕ ਹਿੰਸਕ ਵਿਅਕਤੀ ਹੈ ਤਾਂ ਉਸ ਨੇ ਬੱਚੇ ਨੂੰ ਉਸ ਕੋਲ ਕਿਉਂ ਛੱਡਿਆ?


ਉਨ੍ਹਾਂ ਦੱਸਿਆ ਕਿ 29 ਸਾਲਾ ਲੀ ਨੇ ਇਸ ਤੋਂ ਪਹਿਲਾਂ ਜਨਵਰੀ-ਫਰਵਰੀ 2016 'ਚ ਵੀ ਜ਼ਖਮੀ ਹੋਏ ਮੈਸਨ ਦਾ ਧਿਆਨ ਨਹੀਂ ਰੱਖਿਆ ਸੀ। ਉਸ ਸਮੇਂ ਕਈ ਦਿਨਾਂ ਬਾਅਦ ਜਦ ਉਨ੍ਹਾਂ ਨੇ ਡਾਕਟਰ ਨੂੰ ਬੱਚੇ ਦੀ ਲੱਤ ਦਿਖਾਈ ਸੀ ਤਾਂ ਉਸ ਨੇ ਝੂਠ ਬੋਲਿਆ ਸੀ ਕਿ ਇਹ ਮਾਮੂਲੀ ਜ਼ਖਮ ਹੈ। ਡਾਕਟਰ ਨੇ ਕਿਹਾ ਕਿ ਉਸ ਸਮੇਂ ਬੱਚੇ ਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਹਿੱਲ ਵੀ ਨਹੀਂ ਸਕਦਾ ਸੀ। ਇਹ ਦੇਖ ਕੇ ਡਾਕਟਰ ਆਪ ਰੋ ਪਈ ਸੀ।  ਜ਼ਿਕਰਯੋਗ ਹੈ ਕਿ ਪੁਲਸ ਨੇ ਪਿਛਲੇ ਸਾਲ ਵਿਲੀਅਮ ਨੂੰ ਹਿਰਾਸਤ 'ਚ ਲੈ ਲਿਆ ਸੀ ਅਤੇ ਉਸ ਨੂੰ 9 ਸਾਲਾਂ ਦੀ ਸਜ਼ਾ ਸੁਣਾਈ ਹੋਈ ਹੈ। ਉਸ ਨੂੰ ਜੁਲਾਈ 2022 ਤਕ ਜ਼ਮਾਨਤ ਮਿਲ ਸਕੇਗੀ।