ਫਰਿਜ਼ਨੋ : ਸ੍ਰੀ ਚਰੰਜੀ ਲਾਲ ਦਾ ''ਇੰਡੋ ਅਮੈਰੀਕਨ ਹੈਰੀਟੇਜ ਫੋਰਮ'' ਵਲੋਂ ਸਨਮਾਨ

09/17/2019 8:47:44 AM

ਫਰਿਜ਼ਨੋ, (ਨੀਟਾ ਮਾਛੀਕੇ)— ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਟਰੱਸਟੀ ਸ੍ਰੀ ਚਰੰਜੀ ਲਾਲ  ਕੈਲੇਫੋਰਨੀਆਂ ਫੇਰੀ 'ਤੇ ਹਨ । ਫਰਿਜ਼ਨੋ ਵਿਚ ਉਨ੍ਹਾਂ ਨੂੰ 'ਜੀ ਆਇਆਂ' ਕਹਿਣ ਲਈ ਲੰਘੀ ਸ਼ਾਮ 'ਇੰਡੋ ਅਮੈਰੀਕਨ ਹੈਰੀਟੇਜ ਫੋਰਮ' ਦੇ ਸੱਦੇ 'ਤੇ ਇਕ ਇਕੱਤਰਤਾ ਬੁਲਾਈ ਗਈ। ਸਭਾ ਦੇ ਸ਼ੁਰੂ ਵਿਚ ਇੰਡੋ ਅਮੈਰੀਕਨ ਹੈਰੀਟਜ ਫੋਰਮ ਦੇ ਸਰਪ੍ਰਸਤ ਮੈਂਬਰ ਗੁਰਦੀਪ ਸਿੰਘ ਅਣਖੀ ਨੇ ਸ੍ਰੀ ਚਰੰਜੀ ਲਾਲ ਨੂੰ ਜੀ ਆਇਆ ਆਖਦਿਆਂ, ਫੋਰਮ ਦੇ ਮੈਂਬਰਾਂ, ਹਮਦਰਦਾ ਅਤੇ ਹੋਰ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸ੍ਰੀ ਚਰੰਜੀ ਲਾਲ ਜੀ ਦੀ ਗਦਰ ਪਾਰਟੀ ਅਤੇ ਹੋਰ ਲੋਕ ਲਹਿਰਾਂ ਦੇ ਇਤਿਹਾਸ ਨੂੰ ਖੋਜਣ, ਪਰਖਣ ਅਤੇ ਸਾਂਭਣ ਵਿਚ ਉਨ੍ਹਾਂ ਦੀ ਲਗਨ ਅਤੇ ਲਗਾਤਾਰ ਕੰਮ ਦੀ ਤਾਰੀਫ ਕੀਤੀ। ਸ੍ਰੀ ਚਰੰਜੀ ਲਾਲ ਨੇ ਬੋਲਦਿਆਂ ਕਿਹਾ ਕਿ ਉਹ ਅਮਰੀਕਾ ਵਿਚ ਸੱਤ ਸਮੁੰਦਰੋਂ ਪਾਰ ਗਦਰ ਪਾਰਟੀ ਦੀ ਇਸ ਕਰਮ ਭੂਮੀ ਵਿਚ ਪਹੁੰਚ ਕੇ ਬਹੁਤ ਭਾਵਕ ਅਤੇ ਖੁਸ਼ ਹੋਏ ਹਨ। ਉਨ੍ਹਾਂ ਨੇ ਗਦਰੀ ਬਾਬਿਆਂ ਵਲੋਂ ਹੋਂਦ ਵਿਚ ਲਿਆਂਦੀ ਇਸ ਸੰਸਥਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਕਿਹਾ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਸਥਾਪਤ ਰਿਸਰਚ ਲਾਈਬਰੇਰੀ ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ ਵਲੋਂ ਮਾਨਤਾ ਪ੍ਰਾਪਤ ਹੈ ਅਤੇ ਇਥੋਂ ਸੈਂਕੜੇ ਵਿਦਿਆਰਥੀ ਪੀ. ਐੱਚ. ਡੀ. ਅਤੇ ਐੱਮ. ਫਿਲ. ਦੀਆਂ ਡਿਗਰੀਆਂ ਲੈ ਚੁੱਕੇ ਹਨ।
 

PunjabKesari

ਉਨ੍ਹਾਂ ਨੇ ਹਰ ਸਾਲ ਨਵੰਬਰ ਮਹੀਨੇ ਵਿਚ ਹੋਣ ਵਾਲੇ ਮੇਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕਦੀ ਕਾਲਜ ਵਿੱਦਿਆ ਪ੍ਰਾਪਤ ਨਹੀਂ ਕਰ ਸਕੇ ਪਰ ਗਦਰੀ ਬਾਬਿਆਂ ਦੇ ਸਾਥ ਅਤੇ ਪ੍ਰੇਰਨਾ ਸਦਕਾ ਉਨ੍ਹਾਂ ਨੂੰ ਇਸ ਮਹਾਨ ਲਹਿਰ ਦੇ ਇਤਿਹਾਸ ਨੂੰ ਘੋਖਣ ਅਤੇ ਲਿਖਣ ਦੀ ਚਿਣਗ ਲੱਗੀ ਅਤੇ ਉਹ ਹੁਣ ਤੱਕ 18 ਕਿਤਾਬਾਂ ਲਿਖ ਚੁੱਕੇ ਹਨ, ਜਿਨ੍ਹਾਂ ਵਿਚ ਬਾਬਾ ਜਵਾਲਾ ਸਿੰਘ ਠੱਠੀਆਂ, ਬਾਬਾ ਭਗਵਾਨ ਸਿੰਘ ਦੁਸਾਂਝ, ਬਾਬਾ ਕਿਰਪਾਲ ਸਿੰਘ ਕਸੇਲ ਅਤੇ ਪੰਡਤ ਕਿਸ਼ੋਰੀ ਲਾਲ ਬਾਰੇ ਕਿਤਾਬਾਂ ਸ਼ਾਮਲ ਹਨ। ਪੰਡਤ ਕਿਸ਼ੋਰੀ ਲਾਲ ਸ਼ਹੀਦ ਭਗਤ ਸਿੰਘ ਦੇ ਸਾਥੀ ਸਨ ਜਿਨ੍ਹਾਂ ਨੂੰੰ ਉਮਰ ਘੱਟ ਹੋਣ ਕਾਰਨ ਉਮਰ ਕੈਦ ਦੀ ਸਜ਼ਾ ਹੋਈ ਸੀ। ਬਾਬਾ ਜਵਾਲਾ ਸਿੰਘ ਠੱਠੀਆਂ ਬਾਰੇ ਕਿਤਾਬ ਲਿਖਣ ਵੇਲੇ ਦੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਨੇ ਬੱਬਰ ਅਕਾਲੀ ਲਹਿਰ ਬਾਰੇ ਖੋਜ ਕਰਦਿਆਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਆਮ ਲੋਕਾਂ ਨੂੰ ਮਿਲ ਕੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਨੇ ਇਸ ਲਹਿਰ ਵੇਲੇ ਦੀਆਂ ਔਰਤਾਂ ਦੀ ਬਹਾਦਰੀ ਦੀਆਂ ਕਈ ਮਿਸਾਲਾਂ ਸਾਝੀਆਂ ਕੀਤੀਆਂ।

ਉਨ੍ਹਾਂ ਕਿਹਾ ਕਿ ਗਦਰ ਪਾਰਟੀ ਦੇ ਸੱਦੇ 'ਤੇ ਵਿਦੇਸ਼ਾਂ 'ਚੋਂ ਭਾਰਤ ਲਈ ਤੁਰੇ 8000 ਗਦਰੀ ਸੂਰਬੀਰਾਂ 'ਚਂੋ ਬਹੁਤਿਆਂ ਦੀ ਜ਼ਿੰਦਗੀ ਅਤੇ ਸਘੰਰਸ਼ ਬਾਰੇ ਅਸੀਂ ਅੱਜ ਵੀ ਅਣਜਾਣ ਹਾਂ।  ਸ੍ਰੀ ਚਰੰਜੀ ਲਾਲ ਹੁਣਾ ਦੇ ਬੋਲਣ ਤੋਂ ਬਾਅਦ ਸਵਾਲ ਜਵਾਬ ਦੇ ਰੂਪ ਵਿਚ ਗੱਲਬਾਤ ਨੂੰ ਅੱਗੇ ਵਧਾਉਦਿਆਂ ਡਾ. ਗੁਰੂਮੇਲ ਸਿੱਧੂ ਨੇ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਗਦਰ ਲਹਿਰ ਦੇ ਇਤਿਹਾਸ ਨਾਲ ਸਬੰਧਤ ਕਿਤਾਬਾਂ ਅੰਗਰੇਜ਼ੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿਚ ਛਪਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਚਰੰਜੀ ਲਾਲ ਦੇ ਆਮ ਲੋਕਾਂ ਨਾਲ ਜੁੜਨ ਅਤੇ ਉਸ ਵਿਚੋਂ ਇਤਿਹਾਸਿਕ ਤੱਥ ਕਸ਼ੀਦ ਕਰਨ ਦੇ ਕੰਮ ਦੀ ਸਰਾਹਣਾ ਵੀ ਕੀਤੀ। ਇਸੇ ਗੱਲ ਬਾਤ ਵਿਚ ਨਿੱਜੀ ਅਖਬਾਰ ਦੇ ਐਡੀਟਰ ਦਲਜੀਤ ਸਰਾਂ ਅਤੇ ਪ੍ਰਸਿੱਧ ਸ਼ਾਇਰ ਹਰਜਿੰਦਰ ਕੰਗ ਅਤੇ ਕਹਾਣੀਕਾਰ ਕਰਮ ਸਿੰਘ ਮਾਨ , ਨਿੱਜੀ ਅਖਬਾਰ ਦੇ ਐਡੀਟਰ ਸ੍ਰੀ ਪਰੇਮ ਚੁੰਬਰ ਨੇ ਸ੍ਰੀ ਚਰੰਜੀ ਲਾਲ ਦਾ ਇੱਥੇ ਆਉਣ ਅਤੇ ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਦਾ ਧੰਨਵਾਦ ਕੀਤਾ।  ਇੰਡੋ-ਅਮੈਰੀਕਨ ਹੈਰੀਟਜ ਫੋਰਮ ਦੇ ਸੈਕਟਰੀ ਸੁਰਿੰਦਰ ਮੰਡਾਲੀ ਨੇ ਸ੍ਰੀ ਚਰੰਜੀ ਲਾਲ ਨੂੰ ਅਪੀਲ ਕੀਤੀ ਕਿ ਉਹ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਦੇਸ਼ ਭਗਤਾਂ ਦੀ ਜ਼ਿੰਦਗੀ ਦੇ ਛੋਟੇ ਲੇਖ ਲਿਖਵਾਉਣ ਜਿਨਾਂ ਨੂੰ ਬੱਚਿਆਂ ਨੂੰ ਸਪੀਚ ਮੁਕਾਬਲਿਆਂ ਲਈ ਮੁਹੱਈਆ ਕਰਵਾਇਆ ਜਾ ਸਕੇ। ਅਖੀਰ ਵਿਚ ਇੰਡੋ ਅਮੈਰੀਕਨ ਹੈਰੀਟੇਜ ਫੋਰਮ ਵਲੋਂ ਸ੍ਰੀ ਚਰੰਜੀ ਲਾਲ ਜੀ ਨੂੰ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸੁਰਿੰਦਰ ਮੰਢਾਲੀ ਜੀ ਨੇ ਸਾਰੇ ਪਹੁੰਚੇ ਹੋਏ ਦੋਸਤਾਂ ਦਾ ਧੰਨਵਾਦ ਕੀਤਾ।


Related News